ਕਿਨਸ਼ਾਸਾ/ਕਾਂਗੋ – ਅਫ਼ਰੀਕੀ ਦੇਸ਼ ਕਾਂਗੋ ਵਿੱਚ ਮੰਗਲਵਾਰ ਨੂੰ ਯਾਤਰੀਆਂ ਨੂੰ ਲਿਜਾ ਰਹੀ ਇੱਕ ਕਿਸ਼ਤੀ ਦੇ ਨਦੀ ਵਿੱਚ ਪਲਟ ਜਾਣ ਕਾਰਨ ਘੱਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਲਾਪਤਾ ਹਨ। ਅਧਿਕਾਰੀਆਂ ਅਤੇ ਸਥਾਨਕ ਨਿਵਾਸੀਆਂ ਨੇ ਇਹ ਜਾਣਕਾਰੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਕਾਂਗੋ ਦੀ ਰਾਜਧਾਨੀ ਕਿਨਸ਼ਾਸਾ ਦੇ ਉੱਤਰ-ਪੂਰਬ ‘ਚ ਸਥਿਤ ਇਨੋਂਗੋ ਸ਼ਹਿਰ ਤੋਂ ਰਵਾਨਾ ਹੋਈ ਇਸ ਕਿਸ਼ਤੀ ‘ਚ 100 ਤੋਂ ਜ਼ਿਆਦਾ ਯਾਤਰੀ ਸਵਾਰ ਸਨ। ਇਹ ਹਾਦਸਾ ਫਿਮੀ ਨਦੀ ‘ਚ ਵਾਪਰਿਆ।
ਲਾਪਤਾ ਲੋਕਾਂ ਦੀ ਭਾਲ ਲਈ ਮੰਗਲਵਾਰ ਨੂੰ ਮੁਹਿੰਮ ਸ਼ੁਰੂ ਕੀਤੀ ਗਈ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਇਨੋਂਗੋ ਦੇ ‘ਰਿਵਰ ਕਮਿਸ਼ਨਰ’ ਡੇਵਿਡ ਕਾਲੇਮਬਾ ਨੇ ਕਿਹਾ, “ਕਿਸ਼ਤੀ ਵਿਚ ਸਮਰੱਥਾ ਤੋਂ ਵੱਧ ਯਾਤਰੀ ਸਵਾਰ ਸਨ। ਹੁਣ ਤੱਕ ਘੱਟੋ-ਘੱਟ 25 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ।’ ਇਲਾਕਾ ਨਿਵਾਸੀ ਅਲੈਕਸ ਮੁੰਬਾ ਮੁਤਾਬਕ ਕਿਸ਼ਤੀ ‘ਚ ਕਾਫੀ ਸਾਮਾਨ ਵੀ ਸੀ। ਮੁੰਬਾ ਨੇ ਕਿਹਾ, “ਮ੍ਰਿਤਕਾਂ ਵਿੱਚ ਬੱਚੇ ਵੀ ਸ਼ਾਮਲ ਹਨ, ਪਰ ਇਸ ਸਮੇਂ ਮ੍ਰਿਤਕਾਂ ਦੀ ਸਹੀ ਗਿਣਤੀ ਦੱਸਣਾ ਮੁਸ਼ਕਲ ਹੈ ਕਿਉਂਕਿ ਕਿਸ਼ਤੀ ਵਿੱਚ ਬਹੁਤ ਸਾਰੇ ਯਾਤਰੀ ਸਨ।”