ਫਿਲੌਰ – ਖੁਦ ਨੂੰ ਚੈਨਲ ਦਾ ਪੱਤਰਕਾਰ ਦੱਸ ਕੇ ਹਿਮਾਚਲ ਤੋਂ ਸਮੱਗਲਿੰਗ ਕਰ ਕੇ ਪੰਜਾਬ ’ਚ ਮਹਿੰਗੀ ਸ਼ਰਾਬ ਵੇਚਣ ਦਾ ਲੰਬੇ ਸਮੇਂ ਤੋਂ ਧੰਦਾ ਕਰ ਰਿਹਾ ਸੀ। ਪੁਲਸ ਨੇ ਜਦੋਂ ਨਕਲੀ ਪੱਤਰਕਾਰ ਨੂੰ 2 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਫੜਿਆ ਤਾਂ ਪਹਿਲਾਂ ਤਾਂ ਉਸ ਨੇ ਪੁਲਸ ’ਤੇ ਪੱਤਰਕਾਰੀ ਦੀ ਖੂਬ ਧੌਂਸ ਜਮਾਈ। ਬਾਅਦ ’ਚ ਸਭ ਧਰਿਆ ਦਾ ਧਰਿਆ ਰਹਿ ਗਿਆ। ਜਦੋਂ ਪੁਲਸ ਨੇ ਉਸ ਦੇ ਸਕੂਟਰ ਦੇ ਅੱਗੇ ਪਏ ਬੈਗ ’ਚੋਂ 2 ਪੇਟੀਆ ਨਾਜਾਇਜ਼ ਸ਼ਰਾਬ ਸਮੇਤ ਉਸ ਨੂੰ ਗ੍ਰਿਫਤਾਰ ਕਰ ਲਿਆ।
ਦੇਰ ਸ਼ਾਮ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਫਿਲੌਰ ਸਰਵਨ ਸਿੰਘ ਬੱਲ ਨੇ ਦੱਸਿਆ ਕਿ ਥਾਣਾ ਮੁਖੀ ਇੰਸ. ਸੰਜੀਵ ਕਪੂਰ ਦੀ ਪੁਲਸ ਪਾਰਟੀ ਅੱਪਰਾ-ਫਿਲੌਰ ਮੁੱਖ ਮਾਰਗ ’ਤੇ ਨਾਕਾਬੰਦੀ ਕਰ ਕੇ ਆਉਣ-ਜਾਣ ਵਾਲੇ ਵਾਹਨਾਂ ਦੀ ਜਾਂਚ-ਪੜਤਾਲ ਕਰ ਰਹੀ ਸੀ। ਉਸੇ ਸਮੇਂ ਪੁਲਸ ਪਾਰਟੀ ਨੇ ਐਕਟਿਵਾ ਸਵਾਰ ਵਿਅਕਤੀ ਨੂੰ ਰੋਕ ਕੇ ਜਦੋਂ ਉਸ ਦੀ ਜਾਂਚ ਕਰਨੀ ਚਾਹੀ ਤਾਂ ਉਕਤ ਵਿਅਕਤੀ ਨੇ ਪੁਲਸ ਪਾਰਟੀ ’ਤੇ ਧੌਂਸ ਜਮਾਉਂਦੇ ਹੋਏ ਆਪਣਾ ਪੱਤਰਕਾਰੀ ਦਾ ਨਕਲੀ ਆਈ. ਡੀ. ਕਾਰਡ ਦਿਖਾਉਂਦੇ ਹੋਏ ਕਿਹਾ ਕਿ ਉਹ ਪੱਤਰਕਾਰ ਮਨੀਸ਼ ਭਾਰਗਵ ਹੈ।
ਉਹ ਸੜਕ ’ਤੇ ਨਾਕਾਬੰਦੀ ਕਰ ਕੇ ਬਿਨਾਂ ਕਾਰਨ ਲੋਕਾਂ ਨੂੰ ਰੋਕ ਕੇ ਪ੍ਰੇਸ਼ਾਨ ਕਰ ਰਹੇ ਹਨ। ਉਹ ਉਨ੍ਹਾਂ ਨੂੰ ਦੇਖ ਲੈਣ ਦੀਆਂ ਧਮਕੀਆਂ ਦਿੰਦੇ ਹੋਏ ਕਹਿਣ ਲੱਗਾ ਕਿ ਉਹ ਉਨ੍ਹਾਂ ਦੀ ਖ਼ਬਰ ਚਲਾਏਗਾ। ਨਾਕਾ ਇੰਚਾਰਜ ਨੇ ਜਦੋਂ ਉਸ ਨੂੰ ਕਿਹਾ ਕਿ ਉਹ ਇਹ ਸਭ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਕਰ ਰਹੇ ਹਨ। ਉਹ ਉਨ੍ਹਾਂ ਨੂੰ ਆਪਣੇ ਸਕੂਟਰ ਦੇ ਕਾਗਜ਼ ਦਿਖਾ ਦੇਵੇ ਅਤੇ ਬੈਗ ’ਚ ਪਏ ਸਾਮਾਨ ਦੀ ਜਾਂਚ ਕਰਵਾ ਦੇਵੇ।
ਪੁਲਸ ਨੇ ਜਿਉਂ ਹੀ ਬੈਗ ਖੋਲ੍ਹਿਆ ਤਾਂ ਉਸ ’ਚੋਂ ਹਿਮਾਚਲ ਤੋਂ ਸਮੱਗਲਿੰਗ ਕਰ ਕੇ ਲਿਆਂਦੀਆਂ 2 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਹੋ ਗਈ। ਸ਼ਰਾਬ ਬਰਾਮਦ ਹੁੰਦੇ ਹੀ ਨਕਲੀ ਪੱਤਰਕਾਰ ਦੀ ਆਕੜ ਨਿਕਲ ਗਈ ਅਤੇ ਉਹ ਹੱਥ ਜੋੜ ਕੇ ਪੁਲਸ ਦੀਆਂ ਮਿੰਨਤਾਂ ਕਰਨ ਲੱਗ ਪਿਆ। ਜਦੋਂ ਮਿੰਨਤਾਂ ਕੰਮ ਨਾ ਆਈਆਂ ਤਾਂ ਨਕਲੀ ਪੱਤਰਕਾਰ ਮਨੀਸ਼ ਭਾਰਗਵ ਨੇ ਪੁਲਸ ਅੱਗੇ ਰਿਸ਼ਵਤ ਦੀ ਪੇਸ਼ਕਸ਼ ਕੀਤੀ।
ਡੀ. ਐੱਸ. ਪੀ. ਬੱਲ ਨੇ ਦੱਸਿਆ ਕਿ ਮੁਲਜ਼ਮ ਮੁਨੀਸ਼ ਭਾਰਗਵ ਨੂੰ ਗ੍ਰਿਫਤਾਰ ਕਰ ਕੇ ਉਸ ਵਿਰੁੱਧ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਦਾ ਕੇਸ ਦਰਜ ਕਰ ਦਿੱਤਾ ਗਿਆ, ਜਿਸ ਨੂੰ ਸਵੇਰੇ ਅਦਾਲਤ ’ਚ ਪੇਸ਼ ਕਰ ਕੇ ਉਸ ਦਾ ਰਿਮਾਂਡ ਲੈ ਕੇ ਅੱਗੇ ਦੀ ਪੁੱਛਗਿੱਛ ਕੀਤੀ ਜਾਵੇਗੀ।