ਦੀਨਾਨਗਰ – ਵਿਦੇਸ਼ੀ ਧਰਤੀ ‘ਤੇ ਵੀ ਬਹੁਤ ਸਾਰੇ ਪੰਜਾਬੀ ਨੌਜਵਾਨ ਸਫਲਤਾ ਦੀਆਂ ਕਹਾਣੀਆਂ ਲਿਖ ਚੁੱਕੇ ਹਨ। ਅਜਿਹੀ ਹੀ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਇੱਕ ਪਿੰਡ ਦੀ ਪੰਜਾਬੀ ਧੀ ਆਸਟ੍ਰੇਲੀਆ ਦੀ ਧਰਤੀ ‘ਤੇ ਜਾ ਕੇ ਆਪਣੀ ਕਾਬਲੀਅਤ ਦੀ ਬਦੌਲਤ ਆਸਟ੍ਰੇਲੀਅਨ ਆਰਮੀ ਵਿੱਚ ਲੈਫਟੀਨੈਂਟ ਦੇ ਅਹੁਦੇ ‘ਤੇ ਜਾ ਪਹੁੰਚੀ ਹੈ।
ਗੁਰਦਾਸਪੁਰ ਦੇ ਨਜ਼ਦੀਕੀ ਨਵਾਂ ਪਿੰਡ ਬਹਾਦੁਰ ਦੀ ਰਹਿਣ ਵਾਲੀ ਗੁਰਪ੍ਰੀਤ 2014 ਵਿੱਚ ਸੈਨਿਕ ਸਕੂਲ ਗੁਰਦਾਸਪੁਰ ਵਿੱਚ ਬਾਰ੍ਹਵੀਂ ਕਰਨ ਬਾਅਦ ਤੋਂ ਆਪਣੇ ਤਾਇਆ ਜੀ ਕੋਲ ਆਸਟ੍ਰੇਲੀਆ ਚਲੀ ਗਈ ਸੀ। ਉੱਥੇ ਉਸ ਨੇ ਅਕਾਊਂਟਸ ਵਿੱਚ ਗ੍ਰੈਜੂਏਸ਼ਨ ਕੀਤੀ। ਪਰ ਫੌਜੀ ਪਿਤਾ ਦੀ ਧੀ ਹੋਣ ਕਾਰਨ ਉਸ ਦਾ ਸੁਪਨਾ ਫੌਜ ਵਿੱਚ ਜਾਣ ਦਾ ਸੀ।
ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਹ ਆਸਟ੍ਰੇਲੀਅਨ ਆਰਮੀ ਵਿੱਚ ਕਲਰਕ ਦੇ ਤੌਰ ‘ਤੇ ਭਰਤੀ ਹੋ ਗਈ ਤੇ ਆਪਣੀ ਕਾਬਲੀਅਤ ਦੀ ਬਦੌਲਤ ਚਾਰ ਸਾਲਾਂ ਵਿੱਚ ਹੀ ਟੈਸਟ ਪਾਸ ਕਰਦੀ ਹੋਈ ਲੈਫਟੀਨੈਂਟ ਬਣ ਗਈ ਹੈ। ਉਸ ਦੀ ਇਸ ਸਫਲਤਾ ‘ਤੇ ਪਿੰਡ ਵਿੱਚ ਰਹਿਣ ਵਾਲੇ ਉਸ ਦੇ ਪਰਿਵਾਰ ਸਮੇਤ ਪੂਰੇ ਪਿੰਡ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਤੇ ਸਰਪੰਚ ਸਮੇਤ ਪੂਰੀ ਪੰਚਾਇਤ ਅਤੇ ਪਿੰਡ ਦੇ ਲੋਕ ਉਸ ਦੇ ਪਰਿਵਾਰ ਨੂੰ ਵਧਾਈਆਂ ਦੇਣ ਆ ਰਹੇ ਹਨ।