ਨਿਊਯਾਰਕ – ਵਿਸ਼ਵ ਪ੍ਰਸਿੱਧ ਤਬਲਾ ਵਾਦਕ ਜ਼ਾਕਿਰ ਹੁਸੈਨ ਨੂੰ ਵੀਰਵਾਰ ਨੂੰ ਸਾਨ ਫਰਾਂਸਿਸਕੋ ਵਿਚ ਸਪੁਰਦ-ਏ-ਖਾਕ ਕੀਤਾ ਗਿਆ। ਦੁਨੀਆ ਦੇ ਸਭ ਤੋਂ ਵਧੀਆ ਤਬਲਾ ਵਾਦਕਾਂ ਵਿੱਚੋਂ ਇੱਕ ਹੁਸੈਨ ਦੀ ਸੋਮਵਾਰ ਨੂੰ ਫੇਫੜਿਆਂ ਦੀ ਬਿਮਾਰੀ ‘ਇਡੀਓਪੈਥਿਕ ਪਲਮੋਨਰੀ ਫਾਈਬਰੋਸਿਸ’ ਤੋਂ ਪੈਦਾ ਹੋਣ ਵਾਲੀਆਂ ਪੇਚੀਦਗੀਆਂ ਕਾਰਨ ਸਾਨ ਫਰਾਂਸਿਸਕੋ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ ਸੀ। ਉਹ 73 ਸਾਲ ਦੇ ਸਨ। ਜ਼ਾਕਿਰ ਹੁਸੈਨ ਮਸ਼ਹੂਰ ਤਬਲਾ ਵਾਦਕ ਅੱਲਾਰੱਖਾ ਦੇ ਪੁੱਤਰ ਸਨ।
ਹੁਸੈਨ ਨੇ ਤਬਲੇ ਦੀ ਤਾਲ ਨੂੰ ਭਾਰਤੀ ਸ਼ਾਸਤਰੀ ਸੰਗੀਤ ਦੀਆਂ ਸੀਮਾਵਾਂ ਤੋਂ ਬਾਹਰ ਜੈਜ਼ ਅਤੇ ਪੱਛਮੀ ਸ਼ਾਸਤਰੀ ਸੰਗੀਤ ਤੱਕ ਪਹੁੰਚਾਇਆ। ਭਾਰਤ ਦੇ ਪ੍ਰਸਿੱਧ ਸੰਗੀਤਕਾਰਾਂ ਵਿੱਚੋਂ ਇੱਕ ਹੁਸੈਨ ਨੂੰ 6 ਦਹਾਕਿਆਂ ਦੇ ਕਰੀਅਰ ਵਿੱਚ 4 ਗ੍ਰੈਮੀ ਐਵਾਰਡ ਮਿਲੇ। ਹੁਸੈਨ ਦੇ ਪਰਿਵਾਰ ਵਿਚ ਪਤਨੀ ਐਂਟੋਨੀਆ ਮਿਨੇਕੋਲਾ, ਧੀਆਂ ਅਨੀਸਾ ਕੁਰੈਸ਼ੀ ਅਤੇ ਇਜ਼ਾਬੇਲਾ ਕੁਰੈਸ਼ੀ, ਉਨ੍ਹਾਂ ਦੇ ਭਰਾ ਤੌਫੀਕ ਕੁਰੈਸ਼ੀ ਅਤੇ ਫਜ਼ਲ ਕੁਰੈਸ਼ੀ ਅਤੇ ਭੈਣ ਖੁਰਸ਼ੀਦ ਔਲੀਆ ਹਨ।