ਮੁੰਬਈ- ਸ਼ੁੱਕਰਵਾਰ ਸਵੇਰੇ ਵਿਆਹ ਸਮਾਰੋਹ ਤੋਂ ਲੋਕਾਂ ਨੂੰ ਲਿਆ ਰਹੀ ਤੇਜ਼ ਰਫ਼ਤਾਰ ਬੱਸ ਪਲਟਣ ਨਾਲ 5 ਲੋਕਾਂ ਦੀ ਮੌਤ ਹੋ ਗਈ ਅਤੇ 27 ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ‘ਚ ਵਾਪਰਿਆ। ਇਕ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਸਵੇਰੇ ਕਰੀਬ 9.15 ਵਜੇ ਮਨਗਾਂਵ ਨੇੜੇ ਤਾਮਹਿਨੀ ਘਾਟ ‘ਤੇ ਵਾਪਰਿਆ। ਉਨ੍ਹਾਂ ਕਿਹਾ ਕਿ ਬੱਸ ਪੁਣੇ ਦੇ ਲੋਹੇਗਾਂਵ ਤੋਂ ਮਹਾਡ ਦੇ ਬੀਰਵਾੜੀ ਵੱਲ ਜਾ ਰਹੀ ਸੀ। ਅਧਿਕਾਰੀ ਨੇ ਕਿਹਾ ਕਿ ਇਕ ਮੋੜ ‘ਤੇ ਡਰਾਈਵਰ ਨੇ ਬੱਸ ਤੋਂ ਕੰਟਰੋਲ ਗੁਆ ਦਿੱਤਾ, ਜਿਸ ਤੋਂ ਬਾਅਦ ਬੱਸ ਪਲਟ ਗਈ।
ਉਨ੍ਹਾਂ ਕਿਹਾ ਕਿ 2 ਪੁਰਸ਼ਾਂ ਅਤੇ ਤਿੰਨ ਔਰਤਾਂ ਸਣੇ 5 ਲੋਕਾਂ ਦੀ ਮੌਤ ਹੋ ਗਈ। ਜ਼ਖ਼ਮੀ ਹੋਏ 27 ਲੋਕਾਂ ਨੂੰ ਮਨਗਾਂਵ ਗ੍ਰਾਮੀਣ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਚਾਰ ਮ੍ਰਿਤਕਾਂ ਦੀ ਪਛਾਣ ਸੰਗੀਤਾ ਜਾਧਵ, ਗੌਰਵ ਦਰਾਡੇ, ਸ਼ਿਲਪਾ ਪਵਾਰ ਅਤੇ ਵੰਦਨਾ ਜਾਦਵ ਵਜੋਂ ਹੋਈ ਹੈ, ਜਦੋਂ ਕਿ ਇਕ ਵਿਅਕਤੀ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ।