ਨੈਸ਼ਨਲ – ਬਿਹਾਰ ਦੇ 13 ਸਾਲਾ ਖਿਡਾਰੀ ਵੈਭਵ ਸੂਰਿਆਵੰਸ਼ੀ ਨੂੰ ਰਾਜਸਥਾਨ ਰਾਇਲਜ਼ ਨੇ ਖਰੀਦਿਆ ਹੈ। ਇਸ ਖੱਬੇ ਹੱਥ ਦੇ ਬੱਲੇਬਾਜ਼ ਨੂੰ ਰਾਜਸਥਾਨ ਰਾਇਲਜ਼ ਨੇ 1 ਕਰੋੜ 10 ਲੱਖ ਰੁਪਏ ‘ਚ ਖਰੀਦਿਆ ਹੈ। ਵੈਭਵ ਦੀ ਬੇਸ ਪ੍ਰਾਈਸ 30 ਲੱਖ ਰੁਪਏ ਸੀ ਅਤੇ ਹੁਣ ਉਹ ਪਹਿਲੀ ਵਾਰ ਆਈ.ਪੀ.ਐਲ. ਵਿੱਚ ਖੇਡਦੇ ਨਜ਼ਰ ਆਉਣਗੇ। ਵੈਭਵ ਸੂਰਿਆਵੰਸ਼ੀ ਸਿਰਫ 13 ਸਾਲ ਦੇ ਹਨ ਪਰ ਉਨ੍ਹਾਂ ਦੀ ਬੱਲੇਬਾਜ਼ੀ ‘ਚ ਦਮ ਹੈ। ਹਾਲ ਹੀ ‘ਚ ਵੈਭਵ ਭਾਰਤ ਦੀ ਅੰਡਰ-19 ਟੀਮ ‘ਚ ਖੇਡਿਆ, ਜਿੱਥੇ ਉਸ ਨੇ ਆਸਟ੍ਰੇਲੀਆ-ਏ ਖਿਲਾਫ ਸ਼ਾਨਦਾਰ ਸੈਂਕੜਾ ਲਗਾਇਆ। ਵੈਭਵ ਸੂਰਿਆਵੰਸ਼ੀ ਨੇ ਸਿਰਫ 62 ਗੇਂਦਾਂ ‘ਤੇ 104 ਦੌੜਾਂ ਦੀ ਪਾਰੀ ਖੇਡੀ। ਉਸ ਦੇ ਬੱਲੇ ‘ਤੇ 14 ਚੌਕੇ ਅਤੇ 4 ਛੱਕੇ ਲੱਗੇ। ਵੈਭਵ ਸੂਰਿਆਵੰਸ਼ੀ ਆਪਣੀ ਧਮਾਕੇਦਾਰ ਬੱਲੇਬਾਜ਼ੀ ਲਈ ਜਾਣੇ ਜਾਂਦੇ ਹਨ ਅਤੇ ਇਸੇ ਲਈ ਆਈਪੀਐਲ ਵਿੱਚ ਉਨ੍ਹਾਂ ‘ਤੇ ਭਾਰੀ ਪੈਸਾ ਲਗਾਇਆ ਗਿਆ ਹੈ।
ਜਿਵੇਂ ਹੀ ਆਈ.ਪੀ.ਐਲ. 2025 ਦੀ ਨਿਲਾਮੀ ਵਿੱਚ ਵੈਭਵ ਸੂਰਿਆਵੰਸ਼ੀ ਦਾ ਨਾਮ ਆਇਆ, ਦਿੱਲੀ ਅਤੇ ਰਾਜਸਥਾਨ ਦੀਆਂ ਟੀਮਾਂ ਉਸ ਨੂੰ ਖਰੀਦਣ ਲਈ ਟੁੱਟ ਪਈਆਂ। ਇਨ੍ਹਾਂ ਦੋਵਾਂ ਟੀਮਾਂ ਨੇ ਉਸ ਨਾਲ ਗੱਲਬਾਤ ਕੀਤੀ ਸੀ। ਦਿੱਲੀ ਨੇ ਵੈਭਵ ਦਾ ਟ੍ਰਾਇਲ ਲਿਆ ਸੀ, ਜਦਕਿ ਰਾਜਸਥਾਨ ਨੇ ਵੀ ਇਸ ਖਿਡਾਰੀ ਦੀ ਟੈਲੀਫੋਨ ‘ਤੇ ਇੰਟਰਵਿਊ ਲਈ ਸੀ। ਵੈਭਵ ਸੂਰਿਆਵੰਸ਼ੀ ਬਿਹਾਰ ਦੇ ਤਾਜਪੁਰ ਵਿੱਚ ਰਹਿੰਦਾ ਹੈ। ਇਹ ਖਿਡਾਰੀ 7 ਸਾਲ ਦੀ ਉਮਰ ਤੋਂ ਹੀ ਕ੍ਰਿਕਟ ਖੇਡ ਰਿਹਾ ਹੈ ਅਤੇ ਉਹ ਹਫ਼ਤੇ ਵਿੱਚ 4 ਵਾਰ 3 ਘੰਟੇ ਪਟਨਾ ਤੱਕ ਰੇਲ ਗੱਡੀ ਰਾਹੀਂ ਸਫਰ ਕਰਦਾ ਸੀ।
ਵੈਭਵ ਸੂਰਿਆਵੰਸ਼ੀ IPL ਦੇ ਸਭ ਤੋਂ ਨੌਜਵਾਨ ਖਿਡਾਰੀ ਬਣ ਗਏ ਹਨ। ਇਸ ਤੋਂ ਪਹਿਲਾਂ ਪ੍ਰਿਆਸ ਰੇ ਬਰਮਨ ਆਰ.ਸੀ.ਬੀ. ਦੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਸਨ, ਜਿਨ੍ਹਾਂ ਨੂੰ ਆਰ.ਸੀ.ਬੀ. ਨੇ 16 ਸਾਲ ਦੀ ਉਮਰ ਵਿੱਚ ਖਰੀਦਿਆ ਸੀ। ਮੁਜੀਬ ਉਰ ਰਹਿਮਾਨ 17 ਸਾਲ ਦੀ ਉਮਰ ‘ਚ ਆਈ.ਪੀ.ਐੱਲ. ‘ਚ ਆਏ ਸਨ।