ਜਲਾਲਾਬਾਦ ‘ਚ 15 ਸਾਲਾਂ ਨਾਬਾਲਗ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਥਾਣਾ ਸਦਰ ਜਲਾਲਾਬਾਦ ਦੀ ਪੁਲਿਸ ਨੇ ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ਅਤੇ ਉਸ ਦੇ ਮਾਤਾ-ਪਿਤਾ ਦੀ ਕੁੱਟਮਾਰ ਕਰਨ ਦੇ ਦੋਸ਼ ‘ਚ 6 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਜਤਿੰਦਰ ਸਿੰਘ ਨੇ ਦੱਸਿਆ ਕਿ ਕਰੀਬ 15 ਸਾਲ ਦੀ ਨਾਬਾਲਗ ਲੜਕੀ ਨੇ ਪੁਲਿਸ ਨੂੰ ਬਿਆਨ ਦਿੱਤਾ ਹੈ ਕਿ ਉਹ 7ਵੀਂ ਜਮਾਤ ਪਾਸ ਹੈ ਅਤੇ ਆਪਣੇ ਮਾਤਾ-ਪਿਤਾ ਨਾਲ ਪਿੰਡ ਪੀਰ ਬਖਸ਼ ਚੌਹਾਨ ਦੇ ਭੱਠੇ ‘ਤੇ ਮਜ਼ਦੂਰੀ ਕਰਦੀ ਹੈ। 9 ਮਈ ਨੂੰ ਸ਼ਾਮ 6:30 ਵਜੇ ਦੇ ਕਰੀਬ ਉਹ ਆਪਣੇ ਪਿੰਡ ਤੋਂ ਪੈਦਲ ਆਪਣੇ ਮਾਤਾ-ਪਿਤਾ ਕੋਲ ਭੱਠੇ ’ਤੇ ਆ ਰਹੀ ਸੀ। ਜਦੋਂ ਉਹ ਪਿੰਡ ਫੱਤੇਵਾਲਾ ਨਹਿਰ ਨੇੜੇ ਪਹੁੰਚੀ ਤਾਂ ਦੋ ਮੋਟਰਸਾਈਕਲਾਂ ‘ਤੇ ਸਵਾਰ ਦੋ ਨੌਜਵਾਨ ਆਏ ਅਤੇ ਉਸ ਨੂੰ ਘੜੀਸ ਕੇ ਅੱਗੇ ਲੈ ਗਏ ਤੇ ਛੇੜਛਾੜ ਕਰਨ ਲੱਗੇ। ਇਸ ਦੌਰਾਨ ਜਦੋਂ ਪੀੜਤ ਲੜਕੀ ਨੇ ਰੌਲਾ ਪਾਇਆ ਤਾਂ ਬਾਕੀ ਲੋਕ ਭੱਜਣ ’ਚ ਕਾਮਯਾਬ ਹੋ ਗਏ ਜਦੋ ਕਿ ਪਿੰਡ ਵਾਸੀਆਂ ਨੇ ਪ੍ਰਿੰਸ ਅਤੇ ਰਾਜਨ ਨੂੰ ਫੜ ਲਿਆ। ਫਿਲਹਾਲ ਪੁਲਿਸ ਨੇ ਪੀੜਤ ਨਾਬਾਲਗ ਲੜਕੀ ਦੇ ਬਿਆਨਾਂ ਦੇ ਆਧਾਰ ‘ਤੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ਼ ਕਰ ਲਿਆ ਹੈ।