ਗੁਰਦਾਸਪੁਰ – ਪੰਜਾਬ ਦੇ ਗੁਰਦਾਸਪੁਰ ਦੇ ਸਿਵਲ ਹਸਪਤਾਲ ‘ਚ ਇੱਕ ਨਾਬਾਲਗ ਕੁੜੀ ਨੇ ਬੱਚੇ ਨੂੰ ਜਨਮ ਦਿੱਤਾ ਹੈ। ਫਿਲਹਾਲ ਮਾਂ ਅਤੇ ਬੱਚਾ ਬਿਲਕੁਲ ਠੀਕ ਹਨ। ਕੁੜੀ ਨਾਬਾਲਗ ਹੋਣ ਕਾਰਨ ਇਹ ਮਾਮਲਾ ਪੁਲਸ ਅਤੇ ਚਾਈਲਡ ਵੈਲਫੇਅਰ ਸੁਸਾਇਟੀ ਕੋਲ ਪਹੁੰਚ ਗਿਆ ਹੈ। ਦੋਵੇਂ ਧਿਰਾਂ ਨੂੰ ਸੋਮਵਾਰ ਨੂੰ ਭਲਾਈ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ਅਤੇ ਜੋ ਵੀ ਫੈਸਲਾ ਹੋਵੇਗਾ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਜਾਣਕਾਰੀ ਅਨੁਸਾਰ ਕਰੀਬ ਇਕ ਸਾਲ ਪਹਿਲਾਂ ਗੁਰਦਾਸਪੁਰ ਦੀ ਰਹਿਣ ਵਾਲੀ 16 ਸਾਲਾ ਕੁੜੀ ਅਤੇ ਅੰਮ੍ਰਿਤਸਰ ਦੇ 19 ਸਾਲਾ ਲੜਕੇ ਦੀ ਮੰਗਣੀ ਹੋਈ ਸੀ। ਕੁੜੀ ਇਸ ਸਮੇਂ 11ਵੀਂ ਜਮਾਤ ਵਿੱਚ ਪੜ੍ਹਦੀ ਹੈ। ਜਿਸ ਤੋਂ ਬਾਅਦ ਹੁਣ ਸਿਵਲ ਹਸਪਤਾਲ ਗੁਰਦਾਸਪੁਰ ‘ਚ ਨਾਬਾਲਗ ਕੁੜੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ। ਹਸਪਤਾਲ ਪ੍ਰਬੰਧਕਾਂ ਨੇ ਇਸ ਸਬੰਧੀ ਸਖੀ ਵਨ ਸਟਾਪ ਅਤੇ ਦੀਨਾਨਗਰ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਸਖੀ ਵਨ ਸਟਾਪ ਸੈਂਟਰ ਦੀ ਇੰਚਾਰਜ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਦੋਵਾਂ ਧਿਰਾਂ ਨੂੰ ਸੋਮਵਾਰ ਦਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਨੂੰ ਬਾਲ ਭਲਾਈ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ, ਜੋ ਵੀ ਫੈਸਲਾ ਹੋਵੇਗਾ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਲਈ ਬੱਚੇ ਦਾ ਡੀ. ਐੱਨ. ਏ. ਟੈਸਟ ਕਰਵਾਉਣ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਜੇਕਰ ਦੋਵੇਂ ਧਿਰਾਂ ਦੀ ਸਹਿਮਤੀ ਮੰਨ ਲਈ ਜਾਂਦੀ ਹੈ ਤਾਂ ਫਿਰ ਵੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਕੁੜੀ ਨਾਬਾਲਗ ਹੈ।