ਕਾਨਪੁਰ : ਕਾਨਪੁਰ ਦੇ ਬਿਰਹਾਨਾ ਰੋਡ ‘ਤੇ ਸਥਿਤ ਇਕ ਪ੍ਰਾਈਵੇਟ ਸਕੂਲ ਦੇ ਅਧਿਆਪਕ ਨੇ ਨਰਸਰੀ ‘ਚ ਪੜ੍ਹਦੇ 4 ਸਾਲ ਦੇ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਮਾਸੂਮ ਬੱਚੇ ਨੇ ਘਰ ਪਹੁੰਚ ਕੇ ਖਾਣਾ ਨਾ ਖਾਧਾ ਤਾਂ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੋ ਗਿਆ। ਮਾਂ ਨੇ ਪੁੱਛਣ ‘ਤੇ ਉਸ ਨੇ ਮਾਂ ਨੂੰ ਕੁੱਟਮਾਰ ਬਾਰੇ ਦੱਸਿਆ। ਇਸ ‘ਤੇ ਪਰਿਵਾਰ ਬਿਰਹਾਣਾ ਰੋਡ ‘ਤੇ ਸਥਿਤ ਸਕੂਲ ‘ਚ ਪਹੁੰਚਿਆ। ਮਾਪਿਆਂ ਨੇ ਕਲਾਸ ਵਿਚ ਲੱਗੇ ਸੀਸੀਟੀਵੀ ਕੈਮਰੇ ‘ਚੋਂ 49 ਸੈਕਿੰਡ ਵਿਚ ਅਧਿਆਪਕ ਵਲੋਂ ਬੱਚੇ ਦੇ ਵਾਲਾਂ ਨੂੰ ਦੋ ਵਾਰ ਖਿੱਚਣ ਅਤੇ ਇਕ ਤੋਂ ਬਾਅਦ ਇਕ ਪੰਜ ਵਾਰ ਉਸ ਨੂੰ ਥੱਪੜ ਮਾਰਦੇ ਹੋਏ ਕੈਦ ਕਰ ਲਿਆ।
ਦੱਸ ਦੇਈਏ ਕਿ ਇਸ ਵੀਡੀਓ ਨੂੰ ਦੇਖ ਕੇ ਪਰਿਵਾਰਕ ਮੈਂਬਰਾਂ ਨੇ ਹੰਗਾਮਾ ਕਰ ਦਿੱਤਾ ਅਤੇ ਫੀਲਖਾਨਾ ਪੁਲਸ ਨੂੰ ਸ਼ਿਕਾਇਤ ਕੀਤੀ। ਪੁਲਸ ਦੇ ਆਉਣ ਤੋਂ ਬਾਅਦ ਵੀ ਪਰਿਵਾਰਕ ਮੈਂਬਰਾਂ ਅਤੇ ਸਕੂਲ ਪ੍ਰਬੰਧਕਾਂ ਵਿਚਾਲੇ ਖੂਬ ਬਹਿਸ ਹੋਈ। ਹਾਲਾਂਕਿ ਸਕੂਲ ਮੈਨੇਜਮੈਂਟ ਵੱਲੋਂ ਮੁਆਫ਼ੀ ਮੰਗਣ ਅਤੇ ਅਧਿਆਪਕ ਨੂੰ ਨੌਕਰੀ ਤੋਂ ਹਟਾਉਣ ਦਾ ਭਰੋਸਾ ਦੇਣ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਬਿਰਹਾਨਾ ਰੋਡ ‘ਤੇ ਸਥਿਤ ਲਾਫਟੀ ਵੇਲ ਕਿਡਸ ਪ੍ਰੀ ਸਕੂਲ ਦਾ ਹੈ।