ਮਾਹਿਲਪੁਰ -ਮਾਹਿਲਪੁਰ-ਫਗਵਾੜਾ ਰੋਡ ’ਤੇ ਪੈਂਦੇ ਪਿੰਡ ਅੱਡਾ ਖੜੌਦੀ ’ਤੇ ਇਕ 9 ਸਾਲ ਦੀ ਬੱਚੀ ਦੀ ਕਾਰ ਨਾਲ ਟਕਰਾਉਣ ਨਾਲ ਮੌਤ ਹੋ ਗਈ। ਪ੍ਰਪਾਤ ਜਾਣਕਾਰੀ ਅਨੁਸਾਰ ਸਿਮਰਨ ਪੁੱਤਰੀ ਰਾਕੇਸ਼ ਸਿੰਘ ਵਾਸੀ ਪਿੰਡ ਮੱਲੂਮੋਤਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਆਪਣੀ ਮਾਤਾ ਨਾਲ ਆਪਣੇ ਨਾਨਕੇ ਪਿੰਡ ਸਰਹਾਲਾ ਖ਼ੁਰਦ ਨੂੰ ਬੱਸ ’ਤੇ ਸਵਾਰ ਹੋ ਕੇ ਆ ਰਹੀ ਸੀ। ਜਦੋਂ ਅੱਡਾ ਪਿੰਡ ਖੜੌਦੀ ਆ ਕੇ ਉੱਤਰੇ ਤਾਂ ਉਸ ਦੀ ਮਾਤਾ ਫਰੂਟ ਲੈਣ ਲੱਗ ਪਈ।
ਬੱਚੀ ਦੂਜੀ ਸਾਈਡ ਨੂੰ ਚੱਲ ਪਈ ਤਾਂ ਮਾਹਿਲਪੁਰ ਤੋਂ ਖੜੌਦੀ ਵੱਲ ਨੂੰ ਆ ਰਹੀ ਤੇਜ਼ ਰਫ਼ਤਾਰ ਕਾਰ ਨਾਲ ਟਕਰਾ ਕੇ ਸੜਕ ’ਤੇ ਡਿੱਗ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ, ਜਿਸ ਨੂੰ ਉਸੇ ਕਾਰ ਸਵਾਰ ਨੌਜਵਾਨ ਨੇ ਉਸ ਦੀ ਮਾਤਾ ਅਤੇ ਬੱਚੀ ਨੂੰ ਆਪਣੀ ਗੱਡੀ ਵਿਚ ਸਰਕਾਰੀ ਹਸਪਤਾਲ ਮਾਹਿਲਪੁਰ ਵਿਖੇ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਲੜਕੀ ਨੂੰ ਮ੍ਰਿਤਕ ਕਰਾਰ ਦਿੱਤਾ। ਥਾਣਾ ਮਾਹਿਲਪੁਰ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਮਾਹਿਲਪੁਰ ਦੇ ਮੁਖੀ ਰਮਨ ਕੁਮਾਰ ਨੇ ਦੱਸਿਆ ਕਿ ਲੜਕੀ ਦੇ ਮਾਤਾ-ਪਿਤਾ ਕਾਰ ਚਾਲਕ ਵਿਰੁੱਧ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ। ਥਾਣਾ ਮਾਹਿਲਪੁਰ ਦੀ ਪੁਲਸ ਨੇ ਧਾਰਾ 174 ਦੇ ਤਹਿਤ ਕਾਰਵਾਈ ਕਰਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।