ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਬਹਿਰਾਮਪੁਰ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪਿੰਡ ਰਾਏਪੁਰ ਦੇ ਬਾਂਠਾਂ ਵਾਲੇ ਮੋੜ ’ਤੇ ਸਵੇਰੇ ਤੜਕਸਾਰ ਇੱਕ ਵੱਡਾ ਹਾਦਸਾ ਵਾਪਰ ਗਿਆ। ਦਰਅਸਲ ਇੱਕ ਤੇਜ਼ ਰਫ਼ਤਾਰ ਕਰੇਟਾ ਗੱਡੀ ਬਸ ਸਟਾਪ ’ਤੇ ਖੜੀਆਂ ਤਿੰਨ ਔਰਤਾਂ ਤੇ ਇੱਕ ਬੱਚੀ ਨੂੰ ਕੁਚਲਦੀ ਹੋਈ ਥੋੜੀ ਅੱਗੇ ਜਾ ਕੇ ਇੱਕ ਦੁਕਾਨ ਵਿੱਚ ਵੱਜ ਕੇ ਪਲਟ ਗਈ। ਹਾਦਸੇ ਵਿੱਚ ਦੋ ਔਰਤਾਂ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਬੱਚੀ ਅਤੇ ਇੱਕ ਹੋਰ ਔਰਤ ਗੰਭੀਰ ਰੂਪ ਵਿੱਚ ਜਖਮੀ ਹੋ ਗਈਆਂ ਹਨ, ਜਿਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਸੁਧਾ ਸ਼ਰਮਾ ਵਾਸੀ ਈਸਾਪੁਰ ਜੋ ਇੱਕ ਪ੍ਰਾਈਵੇਟ ਸਕੂਲ ਵਿੱਚ ਟੀਚਰ ਹੈ ਤੇ ਆਪਣੇ ਸਕੂਟਰੀ ’ਤੇ ਸਕੂਲ ਜਾ ਰਹੀ ਸੀ ਕਿ ਸੜਕ ਪਾਰ ਕਰਨ ਲਈ ਬਸ ਸਟਾਪ ਨੇੜੇ ਖੜੀ ਸੀ ਤੇ ਉਸ ਦੇ ਨਾਲ ਹੀ ਬਸ ਸਟਾਪ ’ਤੇ ਕ੍ਰਿਸ਼ਨਾ ਕੁਮਾਰੀ ਵਾਸੀ ਈਸਾਪੁਰ ਆਪਣੀ ਛੋਟੀ ਪੋਤਰੀ ਨਾਲ ਖੜੀ ਸੀ ਅਤੇ ਇੱਕ ਹੋਰ ਔਰਤ ਵੀ ਉਥੇ ਬੱਸ ਦਾ ਇੰਤਜ਼ਾਰ ਕਰ ਰਹੀ ਸੀ ਕਿ ਦੂਜੇ ਪਾਸੇ ਇੱਕ ਤੇਜ਼ ਰਫਤਾਰ ਕਰੇਟਾ ਕਾਰ ਆਈ ਅਤੇ ਤਿੰਨੇ ਔਰਤਾਂ ਨੂੰ ਕੁਚਲਦੀ ਹੋਈ ਦੁਕਾਨ ’ਚ ਜਾ ਵੱਜਕੇ ਪੱਲਟ ਗਈ।
ਹਾਦਸੇ ਦੌਰਾਨ ਸੁਧਾ ਸ਼ਰਮਾ ਅਤੇ ਕ੍ਰਿਸ਼ਨਾ ਕੁਮਾਰੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਤ੍ਰਿਸ਼ਨਾ ਕੁਮਾਰੀ ਦੀ ਪੋਤਰੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਹੈ। ਹਾਲਾਂਕਿ ਦੁਰਘਟਨਾ ਵਿੱਚ ਇੱਕ ਹੋਰ ਔਰਤ ਦੀ ਵੀ ਜ਼ਖ਼ਮੀ ਹੋਣ ਦੀ ਖਬਰ ਹੈ, ਜਿੰਨਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ। ਦੂਜੇ ਪਾਸੇ ਕਾਰ ਚਾਲਕ ਦੁਰਘਟਨਾ ਤੋਂ ਬਾਅਦ ਤੁਰੰਤ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਗੱਡੀ ਦੇ ਦਸਤਾਵੇਜ ਦੇ ਆਧਾਰ ’ਤੇ ਇਸ ਦੇ ਚਾਲਕ ਦੀ ਪਹਿਚਾਨ ਕੀਤੀ ਜਾ ਰਹੀ ਹੈ।