ਚੰਡੀਗੜ੍ਹ- ਚੰਡੀਗੜ੍ਹ ਦੇ ਮਸ਼ਹੂਰ ‘ਐਲਾਂਟੇ ਮਾਲ’ ‘ਚ ਇਕ ਵੱਡਾ ਹਾਦਸਾ ਵਾਪਰ ਗਿਆ ਹੈ। ਜਾਣਕਾਰੀ ਮੁਤਾਬਕ ਮਾਲ ਦੇ ਇਕ ਪੱਲਰ ਤੋਂ ਟਾਇਲ ਟੁੱਟ ਕੇ ਹੇਠਾਂ ਡਿੱਗ ਗਈ, ਜੋ ਕਿ ਉੱਥੇ ਆਪਣਾ ਜਨਮਦਿਨ ਮਨਾਉਣ ਗਈ ਮਸ਼ਹੂਰ ਬਾਲ ਅਦਾਕਾਰਾ ਮਾਇਸ਼ਾ ਦੀਕਸ਼ਿਤ ਦੇ ਜਾ ਵੱਜੀ ਤੇ ਉਹ ਜ਼ਖ਼ਮੀ ਹੋ ਗਈ।
ਮਾਇਸ਼ਾ ਮਸ਼ਹੂਰ ਟੀ.ਵੀ. ਸੀਰੀਅਲ ‘ਸਿਲਸਿਲਾ ਬਦਲਤੇ ਰਿਸ਼ਤੋਂ ਕਾ’ ‘ਚ ਮਿਸ਼ਟੀ ਖੰਨਾ ਦੇ ਰੋਲ ਨਾਲ ਕਾਫ਼ੀ ਮਕਬੂਲ ਹੋਈ ਸੀ। ਇਸ ਤੋਂ ਬਾਅਦ ਉਸ ਨੇ ‘ਜਗ ਜਨਨੀ ਮਾਂ ਵੈਸ਼ਨੋਦੇਵੀ’, ‘ਨਿਕੀ ਔਰ ਜਾਦੂਈ ਬਬਲ’ ‘ਚ ਵੀ ਅਹਿਮ ਰੋਲ ਨਿਭਾਏ ਹਨ।
ਜਾਣਕਾਰੀ ਅਨੁਸਾਰ ਐਲਾਂਟੇ ਮਾਲ ਵਿਖੇ ਆਪਣੇ ਪਰਿਵਾਰ ਨੂੰ ਮਿਲਣ ਗਈ ਮਾਈਸ਼ਾ ਦੀਕਸ਼ਿਤ ਜ਼ਖਮੀ ਹੋ ਗਈ ਅਤੇ ਇਸ ਦੌਰਾਨ ਉਸ ਦੀ ਮਾਸੀ ਦੇ ਸਿਰ ‘ਤੇ ਵੀ ਗੰਭੀਰ ਸੱਟਾਂ ਲੱਗੀਆਂ ਹਨ। ਫਿਲਹਾਲ ਦੋਵੇਂ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਮਾਈਸ਼ਾ ਦੀਕਸ਼ਿਤ ਦਾ ਜਨਮਦਿਨ ਸੀ ਅਤੇ ਉਹ ਆਪਣੇ ਪਰਿਵਾਰ ਨੂੰ ਮਿਲਣ ਲਈ ਮਾਲ ਗਈ ਸੀ। ਪਰ ਉਹ ਉਥੇ ਹੀ ਉਕਤ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦੇ ਨਾਲ ਹੀ ਇਸ ਘਟਨਾ ਨੂੰ ਲੈ ਕੇ ਅਲਾਂਟੇ ਮਾਲ ਮੈਨੇਜਮੈਂਟ ਦਾ ਬਿਆਨ ਵੀ ਸਾਹਮਣੇ ਆਇਆ ਹੈ, ਜਿਸ ‘ਚ ਮਾਲ ਮੈਨੇਜਮੈਂਟ ਨੇ ਘਟਨਾ ਦਾ ਤੁਰੰਤ ਨੋਟਿਸ ਲੈਂਦਿਆਂ ਲੜਕੀ ਅਤੇ ਉਸ ਦੀ ਮਾਸੀ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਹੈ। ਮਾਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨ ਇਸ ਲਈ ਠੋਸ ਪ੍ਰਬੰਧ ਕੀਤੇ ਜਾਣਗੇ।