ਲੁਧਿਆਣਾ- ਲੁਧਿਆਣਾ ਵਿਖੇ ਸਥਾਨਕ ਟਿੱਬਾ ਇਲਾਕੇ ਦੀ ਪ੍ਰੇਮ ਵਿਹਾਰ ਕਾਲੋਨੀ ’ਚ 5 ਸਾਲਾ ਬੱਚੇ ਦੀ ਦਰਦਨਾਕ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਵੱਲੋਂ ਦੋਸ਼ ਲਾਏ ਜਾ ਰਹੇ ਹਨ ਕਿ ਉਨ੍ਹਾਂ ਦੇ ਬੱਚੇ ਦੀ ਮੌਤ ਘਰ ਦੇ ਅੱਗਿਓਂ ਗੁਜ਼ਰ ਰਹੀਆਂ ਬਿਜਲੀ ਦੀਆਂ ਤਾਰਾਂ ਤੋਂ ਜ਼ੋਰਦਾਰ ਕਰੰਟ ਲੱਗਣ ਕਾਰਨ ਹੋਈ ਹੈ। ਮ੍ਰਿਤਕ ਦੇ ਪਿਤਾ ਰਾਮ ਬਾਬੂ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਝਾਂਸੀ, ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਹਾਲ ਦੀ ਘੜੀ ਪਰਿਵਾਰ ਟਿੱਬਾ ਰੋਡ ਸਥਿਤ ਪ੍ਰੇਮ ਵਿਹਾਰ ਕਾਲੋਨੀ ’ਚ ਰਹਿ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਘਰ ਦੀ ਬਾਲਕੋਨੀ ’ਚ ਖੇਡਦੇ ਸਮੇਂ ਉਨ੍ਹਾਂ ਦੇ ਬੱਚੇ ਦਾ ਹੱਥ ਅਚਾਨਕ ਬਾਲਕੋਨੀ ਦੇ ਅੱਗਿਓਂ ਗੁਜ਼ਰ ਰਹੀਆਂ ਬਿਜਲੀ ਦੀਆਂ ਤਾਰਾਂ ਨੂੰ ਲੱਗ ਗਿਆ, ਜਿਸ ਤੋਂ ਲੱਗੇ ਜ਼ੋਰਦਾਰ ਕਰੰਟ ਕਾਰਨ ਬੱਚਾ ਦੂਰ ਜਾ ਡਿੱਗਾ। ਬੱਚੇ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਟੇਟ ਕਾਰਪੋਰੇਸ਼ਨ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਖ਼ਿਲਾਫ਼ ਗੰਭੀਰ ਦੋਸ਼ ਲਾਉਂਦਿਆਂ ਦੱਸਿਆ ਕਿ ਇਲਾਕੇ ’ਚ ਜਗ੍ਹਾ-ਜਗ੍ਹਾ ਬਿਜਲੀ ਦੇ ਨੰਗੇ ਜੋੜ ਅਤੇ ਟੁੱਟੀਆਂ ਤਾਰਾਂ ਕਾਰਨ ਉਨ੍ਹਾਂ ਦੇ ਬੱਚੇ ਦੀ ਮੌਤ ਹੋਈ ਹੈ। ਪਰਿਵਾਰ ਵੱਲੋਂ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ।