ਪਟਿਆਲਾ/ਸਨੌਰ : ਸ਼ੰਭੂ ਬਾਰਡਰ ਵਿਖੇ 326 ਦਿਨਾਂ ਤੋਂ ਲਗਾਤਾਰ ਕਿਸਾਨੀ ਮਸਲਿਆਂ ਦੇ ਨਿਪਟਾਰੇ ਲਈ ਚੱਲ ਰਹੇ ਕਿਸਾਨ ਅੰਦੋਲਨ-2 ’ਚ ਸੰਘਰਸ਼ ਕਰ ਰਹੇ ਕਿਸਾਨਾਂ ਵੱਲੋਂ ਜਿਥੇ ਸ਼ੰਭੂ ਮੋਰਚੇ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 359ਵਾਂ ਪ੍ਰਕਾਸ਼ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ, ਉੱਥੇ ਹੀ ਐਲਾਨ ਕੀਤਾ ਗਿਆ ਕਿ 13 ਜਨਵਰੀ ਨੂੰ ਲੋਹੜੀ ਵਾਲੇ ਦਿਨ ਕੇਂਦਰ ਵੱਲੋਂ ਜਾਰੀ ਖੇਤੀ ਮਾਰਕੀਟਿੰਗ ਡਰਾਫਟ ਦੇ ਖਰੜੇ ਨੂੰ ਪੂਰੇ ਦੇਸ਼ ਭਰ ’ਚ ਫੂਕਿਆ ਜਾਵੇਗਾ। ਇਸ ਮੌਕੇ ਮੋਰਚੇ ’ਤੇ ਮੌਜੂਦ ਕਿਸਾਨਾਂ ਤੋਂ ਇਲਾਵਾ ਇਲਾਕੇ ਦੇ ਪਿੰਡਾਂ ’ਚੋਂ ਸੰਗਤ ਨੇ ਸ਼ਿਰਕਤ ਕੀਤੀ, ਜਿੱਥੇ ਮੰਚ ਤੋਂ ਪੂਰੇ ਦੇਸ਼ ਵਾਸੀਆਂ ਨੂੰ ਫੋਰਮ ਦੇ ਲੀਡਰਾਂ ਨੇ ਵਧਾਈਆਂ ਦਿੱਤੀਆਂ, ਉੱਥੇ ਗੁਰੂ ਸਾਹਿਬ ਵੱਲੋਂ ਦਿਖਾਏ ਰਸਤੇ ’ਤੇ ਚੱਲਣ ਦੀ ਵੀ ਪ੍ਰੇਰਨਾ ਦਿੱਤੀ।
ਮੋਰਚੇ ’ਤੇ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਕਿਸਾਨੀ ਸੰਘਰਸ਼ ਅਤੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਾਰੇ ਦਿਖਾਏ ਅਤੇ ਅਪਣਾਏ ਨਜ਼ਰੀਏ ਦੀ ਨਿਖੇਧੀ ਕੀਤੀ। ਕੇਂਦਰ ਸਰਕਾਰ ਵੱਲੋਂ ਜਾਰੀ ਖੇਤੀਬਾੜੀ ਮਾਰਕੀਟਿੰਗ ਡਰਾਫਟ ’ਤੇ ਬੋਲਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਕਿਸ ਤਰ੍ਹਾਂ ਇਹ ਨਵੀਂ ਡਰਾਫਟ ਪਾਲਿਸੀ ਕਿਸਾਨੀ ਹਿੱਤਾਂ ਦੇ ਖ਼ਿਲਾਫ ਹੈ। ਉਨ੍ਹਾਂ ਐਲਾਨ ਕੀਤਾ ਕਿ ਆਉਣ ਵਾਲੀ 13 ਜਨਵਰੀ ਨੂੰ ਲੋਹੜੀ ਵਾਲੇ ਦਿਨ ਕੇਂਦਰ ਵੱਲੋਂ ਜਾਰੀ ਖੇਤੀ ਮਾਰਕੀਟਿੰਗ ਡਰਾਫਟ ਦੇ ਖਰੜੇ ਨੂੰ ਪੂਰੇ ਦੇਸ਼ ਭਰ ’ਚ ਫੂਕਿਆ ਜਾਵੇ। ਇਸ ਦੇ ਨਾਲ-ਨਾਲ ਮੋਰਚੇ ਵੱਲੋਂ 10 ਜਨਵਰੀ ਨੂੰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਪ੍ਰਤੀ ਅਪਣਾਏ ਗਏ ਰੁੱਖ ਦੇ ਵਿਰੋਧ ’ਚ ਦੇਸ਼ ਭਰ ’ਚ ਮੋਦੀ ਸਰਕਾਰ ਦੇ ਪੁਤਲੇ ਫੂਕਣ ਦਾ ਐਲਾਨ ਕੀਤਾ ਗਿਆ।