ਮਮਦੋਟ/ਗੁਰੂਹਰਸਹਾਏ – ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ, ਜਦੋਂ ਪਾਰਟੀ ਦੇ ਟਕਸਾਲੀ ਆਗੂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਮੈਂਬਰ ਜਥੇਦਾਰ ਸੁਖਵੰਤ ਸਿੰਘ ਥੇਹਗੁੱਜਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਆਹੁਦਿਆਂ ਅਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦਾ ਐਲਾਨ ਇਕ ਪੱਤਰ ਲਿਖ ਕੇ ਸ਼ੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ।ਸ਼ੋਸ਼ਲ ਮੀਡੀਆ ’ਤੇ ਆਪਣੇ ਅਸਤੀਫੇ ਦੀ ਕਾਪੀ ਪ੍ਰਧਾਨ ਸਾਹਿਬ ਸ਼੍ਰੋਮਣੀ ਅਕਾਲੀ ਦਲ (ਬਾਦਲ) ਹੈੱਡ ਆਫਿਸ ਚੰਡੀਗੜ੍ਹ ਦੇ ਨਾਂ ਜਾਰੀ ਕਰਦਿਆਂ ਵਾਇਰਲ ਕੀਤੀ ਵੀਡਿਓ ’ਚ ਸੁਖਵੰਤ ਸਿੰਘ ਥੇਹਗੁੱਜਰ ਨੇ ਦੱਸਿਆ ਕਿ ਉਹ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪੀ.ਏ.ਸੀ. ਕਮੇਟੀ ਦੇ ਮੌਜੂਦਾ ਮੈਂਬਰ ਅਤੇ ਸਟੇਟ ਡੈਲੀਗੇਟ ਦੇ ਅਹੁਦੇ ’ਤੇ ਆਪਣੀਆਂ ਸੇਵਾਵਾਂ ਬਾਖੂਬੀ ਨਿਭਾਅ ਰਹੇ ਸੀ।
ਉਨ੍ਹਾਂ ਦੱਸਿਆ ਕਿ ਪਿਛਲੇ ਕਰੀਬ 28-30 ਸਾਲਾਂ ਤੋਂ ਉਹ ਸ਼੍ਰੋਮਣੀ ਅਕਾਲੀ ਦਲ ਦਾ ਸਿਪਾਹੀ ਬਣ ਕੇ ਨਿਧੜਕ ਅਤੇ ਨਿਸ਼ਕਾਮ ਬਿਨਾਂ ਕਿਸੇ ਨਿੱਜੀ ਫਾਇਦੇ ਤੋਂ ਪਾਰਟੀ ਲਈ ਸੇਵਾ ਕਰ ਰਹੇ ਸਨ, ਪਰ ਪਾਰਟੀ ਵੱਲੋਂ ਉਨ੍ਹਾਂ ਨੂੰ ਅਕਾਲੀ ਦਲ ’ਚ ਬਣਦਾ ਮਾਣ-ਸਤਿਕਾਰ ਨਹੀਂ ਦਿੱਤਾ ਗਿਆ, ਜਿਸ ਕਾਰਨ ਉਹ ਇਸ ਸਮੇ ਸ਼੍ਰੋਮਣੀ ਅਕਾਲੀ ਦਲ ਬਾਦਲ ’ਚ ਬਹੁਤ ਘੁਟਨ ਮਹਿਸੂਸ ਕਰ ਰਹੇ ਹਨਉਨ੍ਹਾਂ ਅੱਗੇ ਲਿਖਤੀ ਪੱਤਰ ’ਚ ਦੱਸਿਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਆਪਣਾ ਅਸਤੀਫਾ ਮੇਲ ਰਾਹੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਭੇਜ ਰਹੇ ਹਨ।