ਲੁਧਿਆਣਾ – ਲੁਧਿਆਣਾ ਦੇ ਮਾਡਲ ਟਾਊਨ ਐਕਸਟੈਂਸ਼ਨ ਇਲਾਕੇ ਤੋਂ ਇਕ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸ਼ਨੀਵਾਰ ਸ਼ਾਮ ਨੂੰ ਇਕ ਘਰ ਦੀ ਛੱਤ ‘ਤੇ ਜ਼ਬਰਦਸਤ ਧਮਾਕਾ ਹੋ ਗਿਆ। ਇਹ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਇਸ ਦੀ ਆਵਾਜ਼ ਦੂਰ-ਦੁਰਾਡੇ ਤੱਕ ਸੁਣਾਈ ਦਿੱਤੀ ਅਤੇ ਇਸ ਕਾਰਨ ਇਲਾਕੇ ‘ਚ ਦਹਿਸ਼ਤ ਫੈਲ ਗਈ। ਇਸ ਧਮਾਕੇ ਕਾਰਨ ਘਰ ‘ਚ ਮੌਜੂਦ 2 ਬੱਚੇ ਤੇ ਕੰਮ ਕਰਨ ਵਾਲੀ ਔਰਤ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ।
ਘਟਨਾ ਦੀ ਸੂਚਨਾ ਮਿਲਦੇ ਹੀ ਆਸੇ-ਪਾਸੇ ਦੇ ਲੋਕ ਹਾਦਸੇ ਵਾਲੀ ਥਾਂ ‘ਤੇ ਪਹੁੰਚ ਗਏ ਅਤੇ ਜ਼ਖਮੀਆਂ ਨੂੰ ਇਲਾਜ ਲਈ ਦੀਪ ਹਸਪਤਾਲ ਪਹੁੰਚਾਇਆ। ਹਾਦਸੇ ਦੇ ਸਮੇਂ ਪਰਿਵਾਰਕ ਮੈਂਬਰ ਜ਼ਮੀਨੀ ਮੰਜ਼ਿਲ ‘ਤੇ ਸਨ, ਜਦੋਂ ਕਿ ਧਮਾਕਾ ਘਰ ਦੀ ਉਪਰਲੀ ਮੰਜ਼ਿਲ ‘ਤੇ ਹੋਇਆ। ਧਮਾਕੇ ਵਾਲਾ ਮਕਾਨ ਸਚਿਨ ਕਾਲੜਾ ਦਾ ਦੱਸਿਆ ਜਾਂਦਾ ਹੈ। ਜ਼ਖਮੀਆਂ ਦੀ ਪਛਾਣ ਘਰ ਦੇ ਮਾਲਕ ਦੇ ਲੜਕੇ ਭਵਿਸ਼ (5 ਸਾਲ), ਨੌਕਰਾਣੀ ਪੂਨਮ ਅਤੇ ਉਸ ਦੀ ਬੱਚੀ ਦਿਵੰਸ਼ੀ (8 ਸਾਲ) ਵਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਬੰਬ ਧਮਾਕੇ ਕਾਰਨ ਤਿੰਨੋਂ ਗੰਭੀਰ ਰੂਪ ਵਿੱਚ ਝੁਲਸ ਗਏ। ਬੱਚੇ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਦਿੱਲੀ ਰੈਫਰ ਕਰ ਦਿੱਤਾ ਗਿਆ ਹੈ। ਇਸ ਦਾ ਪਤਾ ਲੱਗਦਿਆਂ ਹੀ ਏ.ਡੀ.ਸੀ.ਪੀ. ਰਮਨ ਭੁੱਲਰ, ਏ.ਸੀ.ਪੀ. ਥਾਣਾ ਮਾਡਲ ਟਾਊਨ ਮੌਕੇ ’ਤੇ ਪਹੁੰਚ ਗਏ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਹਾਦਸੇ ਵਾਲੀ ਥਾਂ ਦਾ ਜਾਇਜ਼ਾ ਲਿਆ।