ਲੁਧਿਆਣਾ –ਲੁਧਿਆਣਾ ਦੇ ਰੀਅਲ ਅਸਟੇਟ ਸੈਕਟਰ ’ਚ ਵੱਡਾ ਫਰਾਡ ਹੋਣ ਦਾ ਖੁਲਾਸਾ ਹੋਇਆ ਹੈ, ਜਿਸ ਦੇ ਤਹਿਤ ਗਲਾਡਾ, ਰੇਰਾ ਦੀ ਮਨਜ਼ੂਰੀ ਤਾਂ ਕੀ, ਜਗ੍ਹਾ ਦੀ ਰਜਿਸਟਰੀ ਦੇ ਬਿਨਾਂ ਹੀ ਪ੍ਰਾਜੈਕਟਾਂ ਦੀ ਬੁਕਿੰਗ ਦੇ ਨਾਂ ’ਤੇ ਕਰੋੜਾਂ ਜੁਟਾਏ ਹਨ।
ਇਸੇ ਤਰ੍ਹਾਂ ਦਾ ਇਕ ਮਾਮਲਾ ਇਨ੍ਹਾਂ ਦਿਨਾਂ ਸਾਊਥ ਸਿਟੀ ਏਰੀਆ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਥੇ ਸੰਗਰੂਰ ਨਾਲ ਸਬੰਧਤ ਇਕ ਕੰਪਨੀ ਦੀ ਹਾਲ ਹੀ ’ਚ ਐਂਟਰੀ ਹੋਈ ਹੈ। ਇਸ ਕੰਪਨੀ ਦੇ ਕੁਝ ਰਿਹਾਇਸ਼ੀ, ਗਰੁੱਪ ਹਾਊਸਿੰਗ ਅਤੇ ਕਮਰਸ਼ੀਅਲ ਪ੍ਰਾਜੈਕਟ ਪਟਿਆਲਾ, ਸੰਗਰੂਰ ਅਤੇ ਮੋਹਾਲੀ ’ਚ ਚੱਲ ਰਹੇ ਹਨ।
ਹੁਣ ਇਸ ਕੰਪਨੀ ਵਲੋਂ ਸਾਊਥ ਸਿਟੀ ਏਰੀਆ ’ਚ ਨਹਿਰ ਦੇ ਕਿਨਾਰੇ ਉਸ ਜਗ੍ਹਾ ’ਤੇ 250 ਏਕੜ ਦੀ ਟਾਊਨਸ਼ਿਪ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜਿਸ ਜਗ੍ਹਾ ਨੂੰ ਕੋਈ ਅਪ੍ਰੋਚ ਰੋਡ ਹੀ ਨਹੀਂ ਹੈ।
ਇਸ ਦੇ ਬਾਵਜੂਦ ਕੰਪਨੀ ਵਲੋਂ 60,000 ਰੁਪਏ ਪ੍ਰਤੀ ਗਜ਼ ਦੇ ਹਿਸਾਬ ਨਾਲ ਪਲਾਟਾਂ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦੇ ਲਈ ਕੁਝ ਦਿਨ ਪਹਿਲਾਂ ਚੰਡੀਗੜ੍ਹ ’ਚ ਲਾਂਚ ਪਾਰਟੀ ਕੀਤੀ ਗਈ ਅਤੇ ਲੁਧਿਆਣਾ ’ਚ ਕਾਰ ਰੈਲੀ ਕੱਢਣ ਦੇ ਨਾਲ ਹੀ ਡੀਲਰ ਮੀਟ ਦਾ ਆਯੋਜਨ ਕੀਤਾ ਗਿਆ ਸੀ, ਜਿਥੋਂ ਤੱਕ ਇਸ ਪ੍ਰਾਜੈਕਟ ਦੇ ਲਈ ਗਲਾਡਾ ਜਾਂ ਰੇਰਾ ਦੀ ਮਨਜ਼ੂਰੀ ਦਾ ਸਵਾਲ ਹੈ। ਉਸ ਨੂੰ ਲੈ ਕੇ ਕੰਪਨੀ ਕੋਲ ਕੋਈ ਜਵਾਬ ਨਹੀਂ ਹੈ।
ਇਸੇ ਤਰ੍ਹਾਂ ਜਿਸ ਜਗ੍ਹਾ ’ਤੇ ਪ੍ਰਾਜੈਕਟ ਬਣਾਉਣ ਲਈ 250 ਏਕੜ ਜ਼ਮੀਨ ਜੁਟਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਸ ਦੀ ਰਜਿਸਟਰੀ ਤਾਂ ਕੀ ਹੁਣ ਤੱਕ ਬਿਆਨ ਵੀ ਪੂਰਾ ਨਾ ਹੋਣ ਦੀ ਗੱਲ ਸਾਹਮਣੇ ਆਈ ਹੈ, ਜਿਸ ਦੇ ਮੱਦੇਨਜ਼ਰ ਇਸ ਪ੍ਰਾਜੈਕਟ ਨੂੰ ਲੁਧਿਆਣਾ ਦੇ ਰੀਅਲ ਅਸਟੇਟ ਸੈਕਟਰ ’ਚ ਵੱਡਾ ਫਰਾਡ ਮੰਨਿਆ ਜਾ ਰਿਹਾ ਹੈ।