ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਨੇੜੇ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬ ਬਾਬਾ ਅਟੱਲ ਰਾਏ ਜੀ ਵਿਖੇ ਇਕ ਔਰਤ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਦੇ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਸੂਤਰਾਂ ਮੁਤਾਬਕ ਖ਼ੁਦਕੁਸ਼ੀ ਕਰਨ ਵਾਲੀ ਔਰਤ ਦੀ ਨਾਮ ਸੰਯੋਗਿਤਾ ਕਪੂਰ ਸੀ ਅਤੇ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਹੀ ਰਹਿੰਦੀ ਸੀ।
ਜਾਣਕਾਰੀ ਦਿੰਦਿਆਂ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਵਿਕਰਮ ਸਿੰਘ ਨੇ ਦੱਸਿਆ ਕਿ ਲੜਕੀ ਦੀ ਉਮਰ ਕਰੀਬ 34 ਸਾਲ ਹੈ। ਉਹ ਅੱਜ ਸਵੇਰੇ 9.30 ਵਜੇ ਮੱਥਾ ਟੇਕਣ ਆਈ ਸੀ। ਇਸ ਤੋਂ ਬਾਅਦ ਉਸ ਨੇ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਦੀ 7ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਸੂਤਰਾਂ ਮੁਤਾਬਕ ਔਰਤ ਵਲੋਂ ਇਹ ਕਦਮ ਘਰੇਲੂ ਝਗੜੇ ਕਾਰਨ ਚੁੱਕਿਆ ਗਿਆ ਹੈ। ਇਹ ਔਰਤ ਹਰਿਮੰਦਰ ਸਾਹਿਬ ਦੇ ਨੇੜੇ ਰਹਿੰਦੀ ਸੀ। ਮ੍ਰਿਤਕ ਸੰਯੋਗਿਤਾ ਕਪੂਰ ਦਾ ਨਾਨਕਾ ਘਰ ਛੇਹਰਟਾ ਇਲਾਕੇ ਵਿਚ ਹੈ। ਪਰਿਵਾਰ ਨੂੰ ਦੁਪਹਿਰ 1 ਵਜੇ ਉਸ ਦੀ ਮੌਤ ਦੀ ਸੂਚਨਾ ਮਿਲੀ।
ਪਰਿਵਾਰ ਨੂੰ ਇਸ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਉਹ ਸੰਯੋਗਿਤਾ ਦੀ ਭਾਲ ਵਿਚ ਸ੍ਰੀ ਹਰਿਮੰਦਰ ਸਾਹਿਬ ਪੁੱਜੇ। ਪਰਿਵਾਰ ਦਾ ਦੋਸ਼ ਹੈ ਕਿ ਮ੍ਰਿਤਕਾ ਦੇ ਸਹੁਰੇ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ ਅਤੇ ਉਸ ਨੇ ਖੁਦਕੁਸ਼ੀ ਨਹੀਂ ਕੀਤੀ ਸਗੋਂ ਉਸ ਨੂੰ ਧੱਕਾ ਦਿੱਤਾ ਗਿਆ ਹੈ। ਪਰਿਵਾਰ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਦੋਸ਼ੀਆਂ ਖ਼ਿਲਾਫ ਮਾਮਲਾ ਦਰਜ ਕਰਕੇ ਸਜ਼ਾ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਉਹ ਲਾਸ਼ ਦਾ ਸਸਕਾਰ ਨਹੀਂ ਕਰਨਗੇ।