ਗੋਮਾ/ਕਾਂਗੋ- ਮੱਧ ਅਫ਼ਰੀਕੀ ਦੇਸ਼ ਕਾਂਗੋ ਦੇ ਪੂਰਬੀ ਹਿੱਸੇ ਵਿੱਚ ਕੀਵੂ ਝੀਲ ਵਿੱਚ ਵੀਰਵਾਰ ਨੂੰ ਸੈਂਕੜੇ ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਦੇ ਪਲਟ ਜਾਣ ਕਾਰਨ ਘੱਟੋ-ਘੱਟ 87 ਲੋਕਾਂ ਦੀ ਮੌਤ ਹੋ ਗਈ। ਇਕ ਸਥਾਨਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ ਇਹ ਕਿਹਾ ਜਾ ਰਿਹਾ ਹੈ ਕਿ ਕਿਸ਼ਤੀ ‘ਤੇ 270 ਤੋਂ ਵੱਧ ਲੋਕ ਸਵਾਰ ਸਨ, ਫਿਲਹਾਲ ਸਹੀ ਗਿਣਤੀ ਸਪੱਸ਼ਟ ਨਹੀਂ ਹੈ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।
ਚਸ਼ਮਦੀਦਾਂ ਨੇ ਦੱਸਿਆ ਕਿ ਕਿਸ਼ਤੀ ‘ਤੇ ਸਮਰੱਥਾ ਤੋਂ ਵੱਧ ਯਾਤਰੀ ਸਵਾਰ ਸਨ। ਕਿਟੁਕੂ ਬੰਦਰਗਾਹ ਤੋਂ ਕੁਝ ਮੀਟਰ ਦੂਰ ਕਿਸ਼ਤੀ ਡੁੱਬ ਗਈ। ਇਹ ਘਟਨਾ ਉਦੋਂ ਵਾਪਰੀ ਜਦੋਂ ਕਿਸ਼ਤੀ ਦੱਖਣੀ ਕਿਵੂ ਸੂਬੇ ਦੇ ਮਿਨੋਵਾ ਤੋਂ ਉੱਤਰੀ ਕਿਵੂ ਸੂਬੇ ਦੇ ਗੋਮਾ ਜਾ ਰਹੀ ਸੀ। ਕਿਨਸ਼ਾਸਾ ਵਿੱਚ ਕੇਂਦਰ ਸਰਕਾਰ ਨੂੰ ਭੇਜੀ ਰਿਪੋਰਟ ਵਿੱਚ ਸੂਬਾਈ ਸਰਕਾਰ ਨੇ ਕਿਹਾ ਕਿ 78 ਲੋਕ ਅਜੇ ਵੀ ਲਾਪਤਾ ਹਨ। 87 ਲਾਸ਼ਾਂ ਗੋਮਾ ਜਨਰਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖੀਆਂ ਗਈਆਂ ਹਨ, ਅਤੇ 9 ਬਚੇ ਹੋਏ ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।