ਨਾਈਜ਼ੀਰੀਆ ਦੇ ਪੂਰਬ-ਉੱਤਰੀ ਰਾਜ ਬੋਰਨੋ ’ਚ ਉਸ ਸਮੇਂ 18 ਲੋਕਾਂ ਦੀ ਮੌਤ ਹੋ ਗਈ ਜਦੋਂ ਇੱਕ ਵਿਆਹ ਸਮਾਗਮ ’ਚ ਧਮਾਕਾ ਹੋ ਗਿਆ। ਇਸ ਦੇ ਨਾਲ ਹੀ 48 ਹੋਰ ਲੋਕ ਜ਼ਖ਼ਮੀ ਵੀ ਹੋ ਗਏ। ਇਹ ਜਾਣਕਾਰੀ ਬੋਰਨੋ ਰਾਜ ਐਂਮਰਜੰਸੀ ਪ੍ਰਬੰਧਨ ਏਜੰਸੀ ਵੱਲੋਂ ਸੋਸ਼ਲ ਮੀਡੀਆ ’ਤੇ ਪੋਸਟ ਕਰਕੇ ਦਿੱਤੀ ਗਈ। ਏਜੰਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਰੇ ਗਏ 18 ਲੋਕਾਂ ’ਚ ਔਰਤਾਂ ਸਣੇ ਬੱਚੇ ਵੀ ਸ਼ਾਮਲ ਹਨ। ਹਾਦਸੇ ’ਚ ਜਿਹੜੇ 48 ਲੋਕ ਜ਼ਖ਼ਮੀ ਹੋਏ ਹਨ, ਉਨ੍ਹਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਏਜੰਸੀ ਨੇ ਦੱਸਿਆ ਕਿ ਲਗਾਤਾਰ ਹੋਏ ਬੰਬ ਧਮਾਕਿਆਂ ’ਚ ਪਹਿਲਾਂ ਇੱਕ ਵਿਆਹ ਸਮਾਗਮ ’ਚ ਧਮਾਕਾ ਹੋਇਆ ਤੇ ਇਸ ਤੋਂ ਬਾਅਦ ਗਵੋਜ਼ਾ ਸ਼ਹਿਰ ਦੇ ਮੁੱਖ ਹਸਪਤਾਲ ’ਚ ਧਮਾਕਾ ਹੋ ਗਿਆ। ਫਿਰ ਇੱਕ ਹੋਰ ਆਤਮਘਾਤੀ ਹਮਲਾ ਹੋਇਆ।
ਤੁਹਾਨੂੰ ਦੱਸ ਦਈਏ ਕਿ ਨਾਇਜ਼ੀਰੀਆ ’ਚ 15 ਸਾਲਾਂ ਤੋਂ ਵਿਦਰੋਹ ਚੱਲ ਰਿਹਾ ਹੈ। ਜਿੱਥੇ ਬੋਰਨੋ ਸਟੇਟ ਪਿਛਲੇ ਇਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਕੱਟੜਪੰਥੀ ਇਸਲਾਮਿਕ ਸੰਗਠਨ ਬੋਕੋ ਹਰਾਮ ਦੇ ਅੱਤਵਾਦੀਆਂ ਦੀ ਹਿੰਸਾ ਦਾ ਸ਼ਿਕਾਰ ਰਿਹਾ ਹੈ। ਅੱਤਵਾਦੀ ਹਮਲਿਆਂ ਕਾਰਨ ਹੁਣ ਤੱਕ 2 ਮਿਲੀਅਨ ਤੋਂ ਵੱਧ ਪੀੜਤ ਲੋਕ ਵਿਸਥਾਪਿਤ ਹੋਏ ਹਨ।