ਸਮਰਾਲਾ : ਮਾਛੀਵਾੜਾ ਸਾਹਿਬ ਤੋਂ ਇਲਾਵਾ ਸੂਬੇ ‘ਚ ਕਈ ਹੋਰ ਸਕੂਲ ਚਲਾ ਰਹੇ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਦੇ ਟਰੱਸਟੀ ਬਲਦੇਵ ਸਿੰਘ ‘ਤੇ ਬਾਅਦ ਦੁਪਹਿਰ ਕਾਤਲਾਨਾ ਹਮਲਾ ਹੋ ਗਿਆ। ਜਿਨ੍ਹਾਂ ਨੂੰ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਗੰਭੀਰ ਰੂਪ ‘ਚ ਜਖ਼ਮੀ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਬਲਦੇਵ ਸਿੰਘ ਨਾਮਧਾਰੀ ਅੱਜ ਆਪਣੇ ਮਾਛੀਵਾੜਾ ਸਾਹਿਬ ਨੇੜਲੇ ਸਕੂਲ ‘ਚੋਂ ਕਾਰ ‘ਚ ਸਵਾਰ ਹੋ ਕੇ ਆਪਣੇ ਘਰ ਚੰਡੀਗੜ੍ਹ ਲਈ ਰਵਾਨਾ ਹੋਏ ਸਨ ਕਿ 3 ਕਿਲੋਮੀਟਰ ਦੂਰੀ ‘ਤੇ ਹੀ ਸਰਹਿੰਦ ਨਹਿਰ ਦੇ ਗੜ੍ਹੀ ਪੁਲ ‘ਤੇ ਅਣਪਛਾਤੇ ਕਾਰ ਸਵਾਰਾਂ ਨੇ ਉਨ੍ਹਾਂ ਉੱਪਰ ਗੋਲੀ ਚਲਾ ਦਿੱਤਾ।
ਬਲਦੇਵ ਸਿੰਘ ਨਾਮਧਾਰੀ ਅਨੁਸਾਰ 2 ਕਾਰ ਸਵਾਰ ਜੋ ਕਿ ਆਈ-20 ਕਾਰ ‘ਤੇ ਆਏ ਅਤੇ ਉਨ੍ਹਾਂ ਦੇ ਬਰਾਬਰ ਕਾਰ ਲਗਾ ਕੇ ਗੋਲੀ ਚਲਾ ਦਿੱਤੀ। ਇਸ ਹਮਲੇ ਵਿਚ ਉਹ ਜਖ਼ਮੀ ਹੋ ਗਏ ਜਿਨ੍ਹਾਂ ਨੂੰ ਸਮਰਾਲਾ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਮੁੱਢਲੀ ਸਹਾਇਤਾ ਉਪਰੰਤ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸਪੀ ਸੌਰਵ ਜਿੰਦਲ, ਡੀਐੱਸਪੀ ਤਰਲੋਚਨ ਸਿੰਘ, ਡੀਐੱਸਪੀ (ਡੀ) ਗੁਰਵਿੰਦਰ ਸਿੰਘ ਬਰਾੜ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ ਜਿਨ੍ਹਾਂ ਵੱਲੋਂ ਸਕੂਲ ਤੋਂ ਲੈ ਕੇ ਘਟਨਾ ਸਥਾਨ ਤੱਕ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।