ਅਬੂਜਾ – ਨਾਈਜੀਰੀਆ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਨਾਈਜੀਰੀਆ ਦੇ ਉੱਤਰ-ਪੱਛਮੀ ਰਾਜ ਕਦੂਨਾ ਵਿੱਚ ਇਸ ਹਫਤੇ ਦੇ ਸ਼ੁਰੂ ਵਿੱਚ ਇੱਕ ਬੱਸ-ਟਰੱਕ ਦੀ ਟੱਕਰ ਹੋ ਗਈ। ਇਸ ਟੱਕਰ ਵਿੱਚ ਘੱਟ ਤੋਂ ਘੱਟ 40 ਲੋਕਾਂ ਦੀ ਮੌਤ ਹੋ ਗਈ। ਨਾਈਜੀਰੀਆ ਦੇ ਰਾਸ਼ਟਰਪਤੀ ਬੋਲਾ ਤਿਨੂਬੂ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਰਾਸ਼ਟਰਪਤੀ ਦੇ ਬੁਲਾਰੇ ਨੇ ਦੱਸਿਆ ਕਿ ਐਤਵਾਰ ਨੂੰ ਇੱਕ ਧਾਰਮਿਕ ਜਸ਼ਨ ਦੌਰਾਨ ਕਦੂਨਾ ਦੇ ਸਾਮੀਨਾਕਾ ਕਸਬੇ ਵਿੱਚ ਵਾਪਰੀ ਘਟਨਾ ਵਿਚ ਦਰਜਨਾਂ ਲੋਕ ਜ਼ਖ਼ਮੀ ਵੀ ਹੋਏ।
ਸਿਨਹੂਆ ਸਮਾਚਾਰ ਏਜੰਸੀ ਦੀ ਰਿਪੋਰਟ ਅਨੁਸਾਰ ਪੀੜਤ ਉੱਤਰ-ਮੱਧ ਰਾਜ ਪਠਾਰ ਦੇ ਇੱਕ ਕਸਬੇ ਕਵਾਂਦਰੀ ਤੋਂ ਜਾ ਰਹੇ ਸਨ ਜਦੋਂ ਬਦਕਿਸਮਤੀ ਨਾਲ ਉਨ੍ਹਾਂ ਦੀ ਬੱਸ ਇੱਕ ਟਰੱਕ ਨਾਲ ਟਕਰਾ ਗਈ। ਬਿਆਨ ਵਿੱਚ ਦੱਸਿਆ ਗਿਆ ਹੈ, “ਰਾਸ਼ਟਰਪਤੀ ਤਿਨੂਬੂ ਨੇ ਮ੍ਰਿਤਕਾਂ ਅਤੇ ਜ਼ਖਮੀਆਂ ਦੇ ਪਰਿਵਾਰਾਂ ਅਤੇ ਕਦੂਨਾ ਅਤੇ ਪਠਾਰ ਰਾਜਾਂ ਦੀਆਂ ਸਰਕਾਰਾਂ ਨਾਲ ਹਮਦਰਦੀ ਪ੍ਰਗਟਾਈ।” ਨਾਲ ਹੀ ਨਾਈਜੀਰੀਆ ਦੇ ਨੇਤਾ ਨੇ ਫੈਡਰਲ ਰੋਡ ਸੇਫਟੀ ਕੋਰ (ਐਫ.ਆਰ.ਐਸ.ਸੀ) ਨੂੰ ਹਾਈਵੇਅ ਨਿਗਰਾਨੀ ਵਿੱਚ ਸੁਧਾਰ ਕਰਨ ਅਤੇ ਦੇਸ਼ ਭਰ ਵਿਚ ਸੜਕ ਹਾਦਸਿਆਂ ਦੀ ਸੰਖਿਆ ਘਟਾਉਣ ਲਈ ਵੀ ਨਿਰਦੇਸ਼ ਦਿੱਤੇ । ਨਾਈਜੀਰੀਆ ਦੀ ਟ੍ਰੈਫਿਕ ਪੁਲਸ FRSC ਨੇ ਇੱਕ ਵੱਖਰੇ ਬਿਆਨ ਵਿੱਚ ਕਿਹਾ ਕਿ ਘੱਟੋ-ਘੱਟ 63 ਲੋਕ ਘਟਨਾ ਵਿੱਚ ਸ਼ਾਮਲ ਸਨ।