ਦੇਹਰਾਦੂਨ- ਉੱਤਰਾਖੰਡ ਦੇ ਅਲਮੋੜਾ ਜ਼ਿਲ੍ਹੇ ਵਿਚ ਸੋਮਵਾਰ ਨੂੰ ਇਕ ਬੱਸ ਡੂੰਘੀ ਖੱਡ ‘ਚ ਡਿੱਗ ਜਾਣ ਕਾਰਨ 36 ਲੋਕਾਂ ਦੀ ਮੌਤ ਹੋ ਗਈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਅਧਿਕਾਰੀ ਆਲੋਕ ਕੁਮਾਰ ਪਾਂਡੇ ਨੇ ਦੱਸਿਆ ਕਿ ਬੱਸ ਗੜਵਾਲ ਤੋਂ ਕੁਮਾਊਂ ਜਾ ਰਹੀ ਸੀ ਤਾਂ ਅਲਮੋੜਾ ਦੇ ਮਾਰਚੂਲਾ ਵਿਚ ਇਹ ਹਾਦਸਾ ਵਾਪਰਿਆ। ਉਨ੍ਹਾਂ ਨੇ ਦੱਸਿਆ ਕਿ 36 ਲੋਕਾਂ ਦੀ ਮੌਤ ਦੀ ਸੂਚਨਾ ਮਿਲੀ ਹੈ। ਪਾਂਡੇ ਨੇ ਦੱਸਿਆ ਕਿ ਜ਼ਖ਼ਮੀਆਂ ਦੀ ਗਿਣਤੀ ਵਧ ਸਕਦੀ ਹੈ, ਕਿਉਂਕਿ ਬੱਸ 200 ਮੀਟਰ ਡੂੰਘੀ ਖੱਡ ਵਿਚ ਡਿੱਗੀ, ਉਸ ਵਿਚ 35 ਤੋਂ ਵਧੇਰੇ ਯਾਤਰੀ ਸਵਾਰ ਸਨ।
ਦੱਸਿਆ ਜਾ ਰਿਹਾ ਹੈ ਕਿ ਬੱਸ ਖਚਾਖਚ ਭਰੀ ਹੋਈ ਸੀ। ਬੱਸ ‘ਚ 55 ਲੋਕ ਸਵਾਰ ਸਨ, ਜਿਨ੍ਹਾਂ ‘ਚੋਂ 28 ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਬਾਕੀ ਜ਼ਖਮੀਆਂ ਨੂੰ ਰਾਮਨਗਰ ਅਤੇ ਸਾਲਟ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਜ਼ਿਲਾ ਆਫਤ ਪ੍ਰਬੰਧਨ ਅਧਿਕਾਰੀ ਵਿਨੀਤ ਪਾਲ ਨੇ 36 ਲੋਕਾਂ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ 28 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ 8 ਲੋਕਾਂ ਦੀ ਰਾਮਨਗਰ ਹਸਪਤਾਲ ‘ਚ ਮੌਤ ਹੋ ਗਈ।