ਹੁਸ਼ਿਆਰਪੁਰ ਦੇ ਗੜਸ਼ੰਕਰ ਨੇੜੇ ਉਸ ਸਮੇਂ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ 50 ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ ਜਦੋਂ ਸ਼ਰਧਾਲੂਆਂ ਨਾਲ ਭਰਿਆ ਇੱਕ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ। ਜ਼ਖ਼ਮੀਆਂ ਵਿੱਚੋਂ 20 ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਿਨ੍ਹਾਂ ਨੂੰ ਪੀਜੀਆਈ ’ਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਥਾਣਾ ਬਨੂੜ ਅਧੀਨ ਪੈਂਦੇ ਪਿੰਡ ਉੜਦਣ ਦੀ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਸ਼ਰਧਾਲੂਆਂ ਨਾਲ ਭਰਿਆ ਹੋਇਆ ਟਰੱਕ ਗੜਸ਼ੰਕਰ ਨੇੜੇ ਪੰਦਰਾਂ ਫੁੱਟ ਡੂੰਘੀ ਖੱਡ ’ਚ ਜਾ ਡਿੱਗਿਆ। ਘਟਨਾ ਦੀ ਜਾਣਕਾਰੀ ਬਹੁਜਨ ਸਮਾਜ ਪਾਰਟੀ ਦੇ ਪਟਿਆਲਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਰਹੇ ਜਗਜੀਤ ਸਿੰਘ ਛੜਬੜ੍ਹ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪਿੰਡ ਉੜਦਣ ਤੋਂ 70-80 ਦੇ ਕਰੀਬ ਸ਼ਰਧਾਲੂ ਖੁਲਾਰਗੜ੍ਹ ਦੇ ਗੁਰਦੁਆਰਾ ਚਰਨ ਗੰਗਾ ਸਾਹਿਬ ਵਿਖੇ ਬਾਬਾ ਸਵਰਨ ਦਾਸ ਦੇ ਬਰਸੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਏ ਸੀ। ਸ਼ਰਧਾਲੂ ਰਾਤ ਸਵਾ ਨੌਂ ਵਜੇ ਦੇ ਕਰੀਬ ਸਮਾਗਮ ਵਿੱਚੋਂ ਵਾਪਸ ਪਰਤੇ ਅਤੇ ਖੁਲਾਰਗੜ੍ਹ ਤੇ ਗੜਸ਼ੰਕਰ ਦੇ ਵਿਚਾਲੇ ਟਰੱਕ ਬੇਕਾਬੂ ਹੋ ਕੇ ਖਾਈ ਵਿੱਚ ਜਾ ਡਿੱਗਿਆ। ਫਿਲਹਾਲ ਘਟਨਾ ਦੀ ਜਾਣਾਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।