ਕੁੱਪ ਕਲਾਂ/ਮਾਲੇਰਕੋਟਲਾ ਮਾਲੇਰਕੋਟਲਾ ਵਿਖੇ ਜੌੜੇਪੁਲ ਨਹਿਰ ’ਚ ਕਾਰ ਡਿੱਗਣ ਨਾਲ 4 ਵਿਅਕਤੀਆਂ ਦੀ ਮੌਤ ਹੋਣ ਦੀ ਖ਼ਬਰ ਹੈ। ਕਰੀਬ 40 ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਲਾਸ਼ਾਂ ਪੁਲਸ ਵੱਲੋਂ ਬਰਾਮਦ ਕਰ ਲਈਆਂ ਗਈਆਂ ਹਨ।
ਡੀ. ਐੱਸ. ਪੀ. ਦਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਪਰਿਵਾਰ ਵਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਮਾਲੇਰਕੋਟਲਾ ਦੇ ਪਿੰਡ ਸੰਗਾਲਾ, ਰਟੋਲਾ ਨੇੜੇ ਇਕ ਟਰੱਕ ਏਜੰਸੀ ’ਚ ਕੰਮ ਕਰਦੇ 4 ਵਿਅਕਤੀ ਗੋਪਾਲ ਕ੍ਰਿਸ਼ਨ, ਜਤਿੰਦਰ ਕੁਮਾਰ ਚੌਧਰੀ ਰਾਜਸਥਾਨ, ਗਗਨਦੀਪ ਸਿੰਘ ਵਾਸੀ ਘਨੌੜ ਜੱਟਾਂ ਤੇ ਸੁੱਜਣ ਮਾਲਿਕ ਰਾਜਸਥਾਨ ਕਾਰ ਰਾਹੀਂ ਹਰਿਦੁਆਰ ਜਾ ਰਹੇ ਸਨ। ਇਨ੍ਹਾਂ ’ਚੋਂ ਇਕ ਏਜੰਸੀ ਦਾ ਮੈਨੇਜਰ ਸੀ। ਇਸ ਦੌਰਾਨ ਉਨ੍ਹਾਂ ਦੀ ਕਾਰ 11 ਤੇ 12 ਮਈ ਦੀ ਰਾਤ ਨੂੰ ਨਹਿਰ ’ਚ ਡਿੱਗ ਗਈ।
ਜਦੋਂ ਪੁਲਸ ਵਲੋਂ ਨਹਿਰ ’ਚ ਡੁੱਬਣ ਵਾਲਿਆਂ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਉਨ੍ਹਾਂ ਦੇ ਫੋਨ ਦੀ ਲੋਕੇਸ਼ਨ ਟ੍ਰੇਸ ਕਰਨ ’ਤੇ ਫੋਨ ਦੀ ਆਖਰੀ ਲੋਕੇਸ਼ਨ ਜੌੜੇਪੁਲ ਨਹਿਰ ਦੇ ਕੋਲ ਆ ਕੇ ਖ਼ਤਮ ਹੋ ਗਈ। ਪਤਾ ਲੱਗਾ ਹੈ ਕਿ ਕਾਰ ਦੀ ਸਪੀਡ ਇੰਨੀ ਤੇਜ਼ ਸੀ ਕਿ ਨਹਿਰ ਕੰਢੇ ਲੱਗੀਆਂ ਭਾਰੀ ਲੋਹੇ ਦੀਆਂ ਪਾਈਪਾਂ ਨੂੰ ਤੋੜ ਕੇ ਕਾਰ ਸਿੱਧੀ ਨਹਿਰ ’ਚ ਜਾ ਡਿੱਗੀ। ਪੁਲਸ ਨੇ ਜਦੋਂ ਕਾਰ ਨੂੰ ਨਹਿਰ ’ਚੋਂ ਬਾਹਰ ਕੱਢਿਆ ਤਾਂ ਮਰਨ ਵਾਲਿਆਂ ਦੀ ਪਛਾਣ ਕਰਨੀ ਵੀ ਔਖੀ ਹੋ ਰਹੀ ਸੀ।