ਮੋਹਾਲੀ – ਪੰਜਾਬ ਪੁਲਿਸ ਦੇ ਸਪੈਸ਼ਲ ਸੈੱਲ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਸਪੈਸ਼ਲ ਸੈਲ ਨੇ ਪਿਛਲੇ ਮਹੀਨੇ ਲਾਲੜੂ ਥਾਣਾ ਖੇਤਰ ’ਚ ਗ੍ਰਿਫ਼ਤਾਰ ‘ਏ’ ਸ਼੍ਰੇਣੀ ਦੇ ਗੈਂਗਸਟਰ ਮਲਕੀਤ ਸਿੰਘ ਉਰਫ਼ ਨਵਾਬ, ਗਮਦੂਰ ਸਿੰਘ ਤੇ ਅਜੈ ਪਾਲ ਦੀ ਨਿਸ਼ਾਨਦੇਹੀ ’ਤੇ ਤਰਨਤਾਰਨ ਦੇ ਸ਼ਰਨਜੀਤ ਸਿੰਘ ਉਰਫ਼ ਸੰਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਕੋਲੋਂ 6 ਪਿਸਤੌਲ ਤੇ 20 ਕਾਰਤੂਸ ਬਰਾਮਦ ਕੀਤੇ ਹਨ। ਐੱਸ. ਐੱਸ. ਪੀ. ਡਾਕਟਰ ਸੰਦੀਪ ਕੁਮਾਰ ਗਰਗ ਅਨੁਸਾਰ ਅਪ੍ਰੈਲ ’ਚ ਪੁਲਸ ਨੇ ਲਾਲੜੂ ਥਾਣਾ ਖੇਤਰ ਵਿਚ ‘ਏ’ ਸ਼੍ਰੇਣੀ ਦੇ ਦੋ ਗੈਂਗਸਟਰਾਂ ਮਲਕੀਤ ਸਿੰਘ ਉਰਫ਼ ਨਵਾਬ ਤੇ ਗਮਦੂਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਜਦੋਂ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਹ ਆਪਣੀ ਕਾਰ ’ਚ ਨਾਜਾਇਜ਼ ਹਥਿਆਰ ਲੈ ਕੇ ਪੰਜਾਬ ਜਾ ਰਹੇ ਸਨ। ਪੁਲਸ ਨੇ ਇਨ੍ਹਾਂ ਦੇ ਕਬਜ਼ੇ ’ਚੋਂ 6 ਪਿਸਤੌਲ, 12 ਮੈਗਜ਼ੀਨ ਤੇ 10 ਕਾਰਤੂਸ ਬਰਾਮਦ ਕੀਤੇ ਸਨ। ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਇਕ ਹੋਰ ਸਾਥੀ ਅਜੈ ਪਾਲ ਨੂੰ ਕਾਬੂ ਕੀਤਾ ਗਿਆ ਸੀ। ਉਸ ਕੋਲੋਂ ਇਕ ਪਿਸਤੌਲ ਬਰਾਮਦ ਹੋਇਆ ਸੀ। ਹੁਣ ਇਨ੍ਹਾਂ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਸਪੈਸ਼ਲ ਸੈੱਲ ਦੀ ਟੀਮ ਨੇ ਸ਼ਰਨਜੀਤ ਸਿੰਘ ਉਰਫ਼ ਸੰਨੀ ਨੂੰ ਨੱਪਿਆ ਹੈ। ਪੁਲਸ ਨੇ ਉਸ ਕੋਲੋਂ .32 ਬੋਰ ਦੇ 4 ਪਿਸਤੌਲ, .30 ਬੋਰ ਦੇ 2 ਪਿਸਤੌਲ ਅਤੇ .32 ਬੋਰ ਦੇ 20 ਕਾਰਤੂਸ ਬਰਾਮਦ ਕੀਤੇ ਹਨ।