ਜਲੰਧਰ ਟਰੈਫਿਕ ਪੁਲਸ ਵੱਲੋਂ ਨਾਬਾਲਗ ਵਾਹਨ ਚਾਲਕਾਂ ਖ਼ਿਲਾਫ਼ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਮੰਗਲਵਾਰ ਨੂੰ ਪੀ. ਏ. ਪੀ. ਚੌਂਕ ਅਤੇ ਰਾਮਾ ਮੰਡੀ ਚੌਂਕ ਵਿੱਚ ਨਾਕਾਬੰਦੀ ਕੀਤੀ ਗਈ। ਮੁਲਾਜ਼ਮਾਂ ਨੇ ਇਥੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਰੋਕਿਆ ਅਤੇ ਉਨ੍ਹਾਂ ਦੇ ਚਲਾਨ ਵੀ ਕੱਟੇ। ਨਾਬਾਲਗਾਂ ਦੇ 25 ਹਜ਼ਾਰ ਰੁਪਏ ਦੇ ਚਲਾਨ ਕੱਟੇ ਗਏ। ਇਸ ਦੌਰਾਨ ਪੁਲਸ ਮੁਲਾਜ਼ਮ ਦੇ ਨਾਬਾਲਗ ਪੁੱਤਰ ਦਾ ਵੀ 25 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਗਿਆ। ਇਹ ਨਿਯਮ ਹੈ ਕਿ ਜੇਕਰ ਨਾਬਾਲਗਾਂ ਦਾ ਚਲਾਨ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਨੂੰ 25 ਹਜ਼ਾਰ ਰੁਪਏ ਜੁਰਮਾਨਾ ਭਰਨਾ ਪਵੇਗਾ। ਜੇਕਰ ਦੋਬਾਰਾ ਫੜੇ ਜਾਂਦੇ ਹਨ ਤਾਂ ਅਜਿਹੇ ਨਾਬਾਲਗ 25 ਸਾਲ ਦੀ ਉਮਰ ਦੇ ਹੋਣ ਤੱਕ ਲਾਇਸੈਂਸ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਣਗੇ।
ਦਰਅਸਲ 13 ਸਾਲਾ ਅਭੀ ਦੀ ਮੌਤ ਤੋਂ ਬਾਅਦ ਟਰੈਫਿਕ ਪੁਲਸ ਸਖ਼ਤ ਹੋ ਗਈ ਹੈ। ਮੁਲਾਜ਼ਮਾਂ ਨੂੰ ਕਿਸੇ ਵੀ ਹਾਲਤ ਵਿੱਚ ਢਿੱਲ ਨਾ ਵਰਤਣ ਦੇ ਆਦੇਸ਼ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਹੀ ਇਕ 13 ਸਾਲ ਦੇ ਬੱਚੇ ਦੀ ਹਾਦਸੇ ‘ਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਵੀ ਲੋਕਾਂ ਨੇ ਸਬਕ ਨਹੀਂ ਸਿੱਖਿਆ। ਇਕ ਐਕਟਿਵਾ ‘ਤੇ ਤਿੰਨ ਨਾਬਾਲਗ ਬੱਚਿਆਂ ਨੂੰ ਨਾਲ ਲੈ ਕੇ ਜਾ ਰਹੇ ਵਿਅਕਤੀ ਨੂੰ ਰਾਮਾਮੰਡੀ ਚੌਂਕ ਵਿਚ ਖੜ੍ਹੇ ਮੁਲਾਜ਼ਮ ਸਤਪਾਲ ਨੇ ਕਰੀਬ 100 ਮੀਟਰ ਦੌੜ ਕੇ ਫਲਾਈਓਵਰ ‘ਤੇ ਫੜ ਲਿਆ। ਚਾਲਕ ਨੇ ਐਕਟਿਵਾ ਉਥੇ ਹੀ ਛੱਡ ਦਿੱਤੀ ਤਾਂ ਮੁਲਾਜ਼ਮ ਉਸ ਨੂੰ ਲੈ ਕੇ ਨਾਕੇ ‘ਤੇ ਆ ਗਿਆ। ਵਾਹਨ ਚਾਲਕ ਦੇ ਕੋਲ ਕੋਈ ਦਸਤਾਵੇਜ਼ ਨਹੀਂ ਸਨ ਤਾਂ ਐਕਟਿਵਾ ਛੱਡ ਕੇ ਬੱਚਿਆਂ ਸਮੇਤ ਚਲਾ ਗਿਆ। ਬਾਅਦ ਵਿਚ ਐਕਟਿਵਾ ਇੰਪਾਊਂਡ ਕਰ ਦਿੱਤੀ ਗਈ। ਨਾਕੇ ‘ਤੇ ਨਾਬਾਲਗ ਨੂੰ ਰੋਕਿਆ ਤਾਂ ਪਤਾ ਲੱਗਾ ਕਿ ਉਹ ਪੁਲਸ ਮੁਲਾਜ਼ਮ ਦਾ ਬੇਟਾ ਹੈ।