ਨਿਊਯੌਰਕ ਦੇ ਮੈਨਹਟਨ ਸ਼ਹਿਰ ਵਿੱਚ ਪੁਲਿਸ ਨੇ ਇੱਕ ਸ਼ੱਕੀ ਸ਼ਰਾਬੀ ਡਰਾਈਵਰ ਨੂੰ ਹਿਰਾਸਤ ’ਚ ਲਿਆ ਹੈ ਜਿਸ ਨੇ ਵੀਰਵਾਰ ਦੀ ਰਾਤ ਨੂੰ ਪਿਕਅੱਪ ਟਰੱਕ ਨਾਲ ਲੋਅਰ ਮੈਨਹਟਨ ਪਾਰਕ ਵਿੱਚ 4 ਜੁਲਾਈ ਦਾ ਜਸ਼ਨ ਮਨਾ ਰਹੀ ਲੋਕਾਂ ਦੀ ਇੱਕ ਭੀੜ ਨਾਲ ਟੱਕਰ ਮਾਰ ਦਿੱਤੀ। ਇਸ ਟੱਕਰ ’ਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦੋਂਕਿ ਸੱਤ ਹੋਰ ਲੋਕ ਜ਼ਖ਼ਮੀ ਹੋ ਗਏ। ਘਟਨਾ ਦੀ ਜਾਣਕਾਰੀ ਦਿੰਦਿਆਂ ਮੈਨਹਟਨ ਪੁਲਿਸ ਮੁਖੀ ਜੈਫਰੀ ਮੈਡਰੇ ਨੇ ਦੱਸਿਆ ਕਿ ਫੋਰਡ ਐਫ-150 ਨੂੰ ਚਲਾ ਰਿਹਾ ਇੱਕ ਵਿਅਕਤੀ ਵੀਰਵਾਰ ਰਾਤ 9 ਵਜੇ ਦੇ ਕਰੀਬ ਇੱਕ ਸਟਾਪ ਸਾਈਨ ਤੋਂ ਲੰਘ ਕੇ ਫੁੱਟਪਾਥ ‘ਤੇ ਚਲਾ ਗਿਆ ਅਤੇ ਲੋਅਰ ਈਸਟ ਸਾਈਡ ‘ਤੇ ਕੋਰਲੀਅਰਜ਼ ਹੁੱਕ ਪਾਰਕ ਵਿੱਚ ਇਕੱਠੇ ਹੋਏ ਲੋਕਾਂ ਨੂੰ ਟੱਕਰ ਮਾਰ ਦਿੱਤੀ। ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਸ਼ੱਕੀ ਸ਼ਰਾਬ ਦੇ ਨਸ਼ੇ ’ਚ ਧੁੱਤ ਸੀ। ਜਿਸ ਨੂੰ ਮੌਕੇ ’ਤੇ ਮੌਜੂਦ ਲੋਕਾਂ ਨੇ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ।
ਮੌਕੇ ‘ਤੇ ਪਹੁੰਚੇ ਫਾਇਰ ਫਾਈਟਰਜ਼ ਨੇ ਪਿਕਅੱਪ ਟਰੱਕ ਦੇ ਹੇਠਾਂ ਫਸੇ ਚਾਰ ਲੋਕਾਂ ਨੂੰ ਦੇਖਿਆ। ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਪੈਰਾਮੈਡਿਕਸ ਨੇ ਚਾਰ ਗੰਭੀਰ ਜ਼ਖਮੀ ਲੋਕਾਂ ਅਤੇ ਤਿੰਨ ਲੋਕਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ। ਇਸ ਤੋਂ ਬਾਅਦ ਨਿਊਯਾਰਕ ਪੁਲਿਸ ਵਿਭਾਗ ਨੇ ਦੱਸਿਆ ਕਿ ਹਸਪਤਾਲ ‘ਚ ਇੱਕ 59 ਸਾਲਾਂ ਔਰਤ ਅਤੇ 38 ਸਾਲਾਂ ਵਿਅਕਤੀ ਦੀ ਮੌਤ ਹੋ ਗਈ ਹੈ। ਹਾਲਾਂਕਿ ਮਰਨ ਵਾਲੇ ਤੀਜੇ ਵਿਅਕਤੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।