ਫਿਰੋਜ਼ਪੁਰ : ਬਸੰਤ ਪੰਚਮੀ ਦਾ ਤਿਉਹਾਰ ਜਿੱਥੇ ਦੇਸ਼ ਭਰ ‘ਚ ਪਤੰਗਾਂ ਉਡਾ ਕੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ, ਉੱਥੇ ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ‘ਚ ਇਸ ਤਿਉਹਾਰ ਨੂੰ ਮਨਾਉਣ ਦਾ ਇੱਕ ਨਿਵੇਕਲਾ ਅਤੇ ਵਿਲੱਖਣ ਅੰਦਾਜ਼ ਹੈ। ਇਸ ਤਿਉਹਾਰ ਨੂੰ ਮਨਾਉਣ ਲਈ ਲੋਕ ਬਾਹਰਲੇ ਦੇਸ਼ਾਂ ਤੋਂ ਵਾਪਸੀ ਘਰ ਪਰਤਦੇ ਹਨ ਅਤੇ ਪੂਰੇ ਸ਼ਹਿਰ ਅੰਦਰ ਚਹਿਲ-ਪਹਿਲ ਅਤੇ ਛੱਤਾਂ ਬਸੰਤੀ ਰੰਗ ਨਾਲ ਰੰਗੀਆਂ ਨਜ਼ਰ ਆਉਂਦੀਆਂ ਹਨ।ਲੋਕ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਆਪਣੀਆਂ ਛੱਤਾਂ ‘ਤੇ ਖੜ੍ਹ ਕੇ ਪੂਰਾ-ਪੂਰਾ ਦਿਨ ਪਤੰਗ ਉਡਾਉਂਦੇ, ਗੀਤ ਗਾਉਂਦੇ ਅਤੇ ਭੰਗੜੇ ਪਾਉਂਦੇ ਨਜ਼ਰ ਆਉਂਦੇ ਹਨ। ਲੋਕ ਸਾਰੇ ਰੁਝੇਵੇਂ ਛੱਡ ਕੇ ਬਸੰਤ ਪੰਚਮੀ ਨੂੰ ਮਨਾਉਣ ‘ਚ ਮਗਨ ਹੁੰਦੇ ਹਨ। ਇਹ ਤਿਉਹਾਰ ਇੱਥੇ ਬੜੇ ਚਾਵਾਂ ਨਾਲ ਮਨਾਇਆ ਜਾਂਦਾ ਹੈ। ਫਿਰੋਜ਼ਪੁਰ ‘ਚ ਮਨਾਈ ਜਾਣ ਵਾਲੀ ਬਸੰਤ ਪੰਚਮੀ ਪੂਰੀ ਦੁਨੀਆ ‘ਚ ਮਸ਼ਹੂਰ ਹੈ। ਇਸ ਤਿਉਹਾਰ ਨੂੰ ਮਨਾਉਣ ਲਈ ਦੇਸ਼-ਵਿਦੇਸ਼ ਅਤੇ ਪੰਜਾਬ ਦੇ ਕੋਨੇ-ਕੋਨੇ ਤੋਂ ਲੋਕ ਆਪਣੇ ਰਿਸ਼ਤੇਦਾਰਾਂ ਕੋਲ ਬਸੰਤ ਪੰਚਮੀ ਮਨਾਉਣ ਲਈ ਆਉਂਦੇ ਹਨ।