ਪਟਨਾ ਤੋਂ ਜਸੀਡੀਹ ਜਾ ਰਹੀ ਯਾਤਰੀ ਟਰੇਨ ‘ਚ ਭਿਆਨਕ ਘਟਨਾ ਵਾਪਰੀ ਹੈ ਜਿੱਥੇ ਇੱਕ ਕੋਚ ਵਿੱਚ ਅੱਗ ਲੱਗਣ ਕਾਰਨ ਇੱਕ ਹੋਰ ਕੋਚ ਅੱਗ ਦੀ ਲਪੇਟ ਵਿੱਚ ਆ ਗਿਆ। ਕੁਝ ਹੀ ਸਮੇਂ ਵਿੱਚ ਬੋਗੀ ਸੜਨ ਲੱਗੀ। ਖੁਸ਼ਕਿਸਮਤੀ ਇਹ ਰਹੀ ਕਿ ਅੱਗ ਫੈਲਣ ਤੋਂ ਪਹਿਲਾਂ ਹੀ ਕੋਚ ਵਿੱਚ ਸਵਾਰ ਯਾਤਰੀ ਛਾਲ ਮਾਰ ਕੇ ਬਾਹਰ ਆ ਗਏ। ਕੁਝ ਹੀ ਮਿੰਟਾਂ ਵਿੱਚ ਅੱਗ ਟਰੇਨ ਦੇ ਦੋ ਡੱਬਿਆਂ ਵਿੱਚ ਫੈਲ ਗਈ। ਜਿਸ ਕਾਰਨ ਦੋ ਡੱਬੇ ਪੂਰੀ ਤਰ੍ਹਾਂ ਸੜ ਗਏ। ਇਧਰ ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਫਿਲਹਾਲ ਰੇਲਵੇ ਟੀਮ ਦੀ ਮਦਦ ਨਾਲ ਅੱਗ ਬੁਝਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਹ ਘਟਨਾ ਕਿਉਲ ਜੰਕਸ਼ਨ ਦੇ ਪਲੇਟਫਾਰਮ ਨੰਬਰ ਚਾਰ ‘ਤੇ ਵਾਪਰੀ ਹੈ।
ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਦਾਨਾਪੁਰ ਡਵੀਜ਼ਨ ਦੇ ਕਈ ਹੋਰ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਇਸ ਅੱਗ ਦੀ ਘਟਨਾ ਵਿੱਚ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।