ਦਿੱਲੀ ’ਚ ਉਸ ਸਮੇਂ ਵੱਡਾ ਹਾਦਸਾ ਵਾਪਰਿਆ ਜਦੋਂ ਸਫਦਰਜੰਗ ਹਸਪਤਾਲ ਦੀ ਪੁਰਾਣੀ ਐਂਮਰਜੰਸੀ ਇਮਾਰਤ ’ਚ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਅਖਤਿਆਰ ਕਰ ਲਿਆ। ਜ਼ਿਕਰਯੋਗ ਹੈ ਕਿ ਹਸਪਤਾਲ ਦੀ ਇਹ ਪੁਰਾਣੀ ਇਮਾਰਤ ਤਿੰਨ ਮੰਜ਼ਿਲਾ ਹੈ ਜਿਸ ਦੀ ਪਹਿਲੀ ਮੰਜ਼ਿਲ ’ਤੇ ਕੁੱਤੇ ਦੇ ਕੱਟਣ ਵਾਲੇ ਮਰੀਜ਼ਾਂ ਨੂੰ ਟੀਕੇ ਲਗਾਏ ਜਾਂਦੇ ਹਨ। ਦੂਜੀ ਮੰਜ਼ਿਲ ’ਤੇ ਲੈਬ ਹੈ ਅਤੇ ਤੀਜੀ ਮੰਜ਼ਿਲ ’ਤੇ ਸਕਰੀਨ ਵਾਰਡ ਹੈ।
ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 11 ਗੱਡੀਆਂ ਮੌਕੇ ’ਤੇ ਪਹੁੰਚੀਆਂ ਜਿੰਨ੍ਹਾਂ ਵੱਲੋਂ ਬੜੀ ਮੁਸ਼ਕੱਤ ਤੋ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਭਿਆਨਕ ਅੱਗ ਦੌਰਾਨ ਬਚਾਅ ਕਾਰਜ ਦਲ ਵੱਲੋਂ ਜੇਸੀਬੀ ਦੀ ਵਰਤੋਂ ਨਾਲ ਪੂਰੀ ਇਮਾਰਤ ਦੇ ਸ਼ੀਸ਼ੇ ਤੋੜੇ ਗਏ ਅਤੇ ਫਿਰ ਕਰੀਬ 70 ਮਰੀਜ਼ਾਂ ਅਤੇ ਤਿੰਨ ਨਰਸਾਂ ਨੂੰ ਇੱਥੋਂ ਬਾਹਰ ਕੱਢਿਆ ਗਿਆ।
ਕਾਫੀ ਦੇਰ ਤੱਕ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾ ਜਾ ਸਕਿਆ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਹੋਰ ਗੱਡੀਆਂ ਮੌਕੇ ’ਤੇ ਪਹੁੰਚੀਆਂ। ਜਿੰਨਾਂ ਵੱਲੋਂ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾਇਆ ਗਿਆ। ਮੌਕੇ ’ਤੇ ਪਹੁੰਚੇ ਅਧਿਕਾਰੀਆਂ ਮੁਤਾਬਕ ਮੁੱਢਲੀ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਜ਼ਮੀਨੀ ਮੰਜ਼ਿਲ ’ਤੇ ਬਿਜਲੀ ਦੇ ਯੂਨਿਟ ’ਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਫੈਲੀ। ਹਾਲਾਂਕਿ ਖੁਸ਼ਕਿਸਮਤੀ ਰਹੀ ਕਿ ਅੱਗ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਹਸਪਤਾਲ ਦੀ ਇਮਾਰਤ ਦਾ ਕਾਫੀ ਨੁਕਸਾਨ ਹੋ ਗਿਆ। ਜਿਸਦਾ ਅਧਿਕਾਰੀਆਂ ਵੱਲੋਂ ਹੋਏ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।