ਭੂੰਗਾ/ਗੜ੍ਹਦੀਵਾਲਾ – ਪਿੰਡ ਅੱਭੋਵਾਲ ਥਾਣਾ ਹਰਿਆਣਾ ਹੁਸ਼ਿਆਰਪੁਰ ਵਿਖੇ ਗੁਰਦੁਆਰਾ ਸਾਹਿਬ ਸੁੱਖ ਆਸਣ ਦੇ ਕਮਰੇ ਅੰਦਰ ਬਿਜਲੀ ਸ਼ਾਟ ਸਰਕਟ ਨਾਲ ਅੱਗ ਲੱਗ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਮੱਖਣ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਪਿੰਡ ਦੇ ਇਕ ਲੜਕੇ ਨੇ ਗੁਰਦੁਆਰਾ ਸਾਹਿਬ ਦੇ ਕਮਰੇ ’ਚੋਂ ਧੁੰਆਂ ਨਿੱਕਲਦਾ ਵੇਖਿਆ, ਜਿਸ ਦੀ ਜਾਣਕਾਰੀ ਮੈਨੇਜਰ ਕੁਲਵਿੰਦਰ ਸਿੰਘ ਨੂੰ ਦਿੱਤੀ, ਜਿਨ੍ਹਾਂ ਨੇ ਤੁਰੰਤ ਗੁਰਦੁਆਰਾ ਸਾਹਿਬ ਜਾ ਕੇ ਦੇਖਿਆ ਕਿ ਕਮਰੇ ਅੰਦਰੋਂ ਧੁੰਆਂ ਬਾਹਰ ਆ ਰਿਹਾ ਸੀ ਅਤੇ ਉਨ੍ਹਾਂ ਨੇ ਆਂਢ-ਗੁਆਂਢ ਨੂੰ ਜਾਣਕਾਰੀ ਦਿੱਤੀ।
ਗੁਰਦੁਆਰਾ ਸਾਹਿਬ ਅੰਦਰ ਅੱਗ ਲੱਗਣ ਦੀ ਜਿਸ ਕਿਸੇ ਨੂੰ ਵੀ ਜਾਣਕਾਰੀ ਮਿਲੀ ਉਹ ੳਥੇ ਪਹੁੰਚ ਗਿਆ ਅਤੇ ਅੱਗ ਬੁਝਾਉਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ’ਚ ਜੁੱਟ ਗਿਆ ਤੇ ਭਾਰੀ ਜੱਦੋ ਜਹਿਜ਼ ਦੇ ਅੱਗ ’ਤੇ ਕਾਬੂ ਪਾਇਆ ਗਿਆ। ਜਾਣਕਾਰੀ ਅਨੁਸਾਰ ਇਸ ਅੱਗ ਨਾਲ 3 ਸ੍ਰੀ ਗੁਰੂ ਗ੍ਰੰਥ ਸਾਹਿਬ, 2 ਸੈਂਚੀਆਂ, 2 ਪੋਥੀਆਂ, ਚੰਦੋਆ ਸਾਹਿਬ, 3 ਚੌਰ ਸਾਹਿਬ ਅਤੇ ਹੋਰ ਸਮਾਨ ਨੁਕਸਾਨਿਆ ਗਿਆ।
ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਹੁਸ਼ਿਆਰਪੁਰ ਨੂੰ ਦਿੱਤੀ ਗਈ। ਇਸ ਮੌਕੇ ਇੰਸ. ਲੋਮੇਸ਼ ਸ਼ਰਮਾਂ ਐੱਸ. ਐੱਚ. ਓ. ਹਰਿਆਣਾ, ਏ. ਐੱਸ. ਆਈ. ਜਗਦੀਸ਼ ਕੁਮਾਰ ਇੰਚਾਰਜ ਪੁਲਸ ਚੌਂਕੀ ਭੂੰਗਾ, ਫਾਇਰ ਬ੍ਰਿਗੇਡ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ।