ਸੂਬੇ ’ਚ ਚੋਰੀ ਦੀਆਂ ਅਤੇ ਲੁੱਟਖੋਹਾਂ ਦੀ ਵਾਰਦਾਤਾਂ ਲਗਾਤਾਰ ਵੱਧਦੀਆਂ ਹੀ ਜਾ ਰਹੀਆਂ ਹਨ। ਪਰ ਇਸ ਵਿਚਾਲੇ ਨਵਾਂਸ਼ਹਿਰ ਪੁਲਿਸ ਪੂਰੀ ਤਰ੍ਹਾਂ ਮੂਸ਼ਤੈਦ ਨਜ਼ਰ ਆ ਰਹੀ ਹੈ। ਦਰਅਸਲ ਪੁਲਿਸ ਨੇ ਇਲੈਕਟ੍ਰੋਨਿਕਸ ਦੀ ਦੁਕਾਨ ਤੋਂ ਚੋਰੀ ਕਰਨ ਵਾਲੇ 2 ਚੋਰਾਂ ਨੂੰ ਕਾਬੂ ਕਰ ਲਿਆ ਹੈ। ਚੋਰਾਂ ਦੇ ਨਾਲ-ਨਾਲ ਪੁਲਿਸ ਨੇ ਅੱਗੇ ਦੀ ਕਾਰਵਾਈ ਕਰਦੇ ਹੋਏ ਚੋਰਾਂ ਤੋਂ ਚੋਰੀ ਦਾ ਸਮਾਨ ਖਰੀਦਣ ਵਾਲੇ ਇੱਕ ਕਬਾੜੀ ਨੂੰ ਵੀ ਕਾਬੂ ਕੀਤਾ ਹੈ।
ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਣਕਾਰੀ ਪ੍ਰੈੱਸ ਕਾਨਫ਼ਰੰਸ ਦੌਰਾਨ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ। ਕਪੂਰ ਇਲੈਕਟ੍ਰੋਨਿਕਸ ਦੁਕਾਨ ਦੇ ਮਾਲਕ ਸੁਰਿੰਦਰ ਕਪੂਰ ਨੇ ਸ਼ਿਕਾਇਤ ਦਰਜ਼ ਕਰਵਾਈ ਸੀ ਕਿ ਚੋਰ ਉਸ ਦੇ ਗੋਦਾਮ ਵਿੱਚੋਂ ਤਾਰਾਂ ਚੋਰੀ ਕਰ ਰਹੇ ਹਨ। ਇਸ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਖੰਗਾਲਣੇ ਸ਼ੁਰੂ ਕਰ ਦਿੱਤੇ। ਹੁਣ ਇਸੇ ਮਾਮਲੇ ’ਚ ਨਵਾਂਸ਼ਹਿਰ ਦੇ ਵਾਸੀ ਅਜੇ ਕੁਮਾਰ ਅਤੇ ਵਿਸ਼ਾਲ ਕੁਮਾਰ ਨੂੰ ਪੁਲਿਸ ਨੇ ਚੋਰੀ ਦੇ ਸਾਮਾਨ ਸਮੇਤ ਕਾਬੂ ਕੀਤਾ ਹੈ।
ਪੁਲਿਸ ਅਧਿਕਾਰੀਆਂ ਵੱਲੋਂ ਜਦੋਂ ਬਾਰੀਕੀ ਨਾਲ ਚੋਰਾਂ ਦੀ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਿਆ ਕਿ ਕਪੂਰ ਇਲੈਕਟ੍ਰੋਨਿਕਸ ਦੀ ਦੁਕਾਨ ਨੂੰ ਇਹ ਚੋਰ ਕਈ ਵਾਰ ਨਿਸ਼ਾਨਾ ਬਣਾ ਚੁੱਕੇ ਹਨ। ਇਸ ਦੇ ਨਾਲ ਹੀ ਪੁਲਿਸ ਨੇ ਚੋਰਾਂ ਦੀ ਪੁੱਛਗਿੱਛ ਤੋਂ ਕਬਾੜ ਦੀ ਦੁਕਾਨ ਦੇ ਇੱਕ ਮਾਲਕ ਬਾਲਾ ਰਾਮ ਨੂੰ ਵੀ ਕਾਬੂ ਕਰ ਲਿਆ ਜੋ ਚੋਰਾਂ ਤੋਂ ਚੋਰੀ ਦਾ ਸਮਾਨ ਖਰੀਦਦਾ ਸੀ। ਫਿਲਹਾਲ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਵਿਰੁੱਧ ਕੇਸ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।