ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਜਿੱਥੇ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ, ਉੱਥੇ ਹੀ ਲੋਕ ਭਲਾਈ ਦੇ ਕੰਮਾਂ ਨੂੰ ਨੇਪਰੇ ਚਾੜਨ ਲਈ ਸਥਿਤੀਆਂ ਦਾ ਜਾਇਜ਼ਾ ਵੀ ਲਿਆ ਜਾ ਰਿਹਾ ਹੈ। ਇਸੇ ਤਹਿਤ ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈਟੀਓ ਨੇ ਅੱਜ ਕੌਮੀ ਸ਼ਾਹਮਾਰਗਾਂ ਲਈ ਜ਼ਮੀਨ ਐਕਵਾਇਰ ਦੀ ਸਥਿਤੀ ਦਾ ਜਾਇਜ਼ਾ ਲਿਆ। ਇਸ ਲਈ ਅੱਜ ਇਥੇ ਰਾਜ ਭਰ ਦੇ ਉਪ ਮੰਡਲ ਮੈਜਿਸਟਰੇਟਾਂ (ਐਸਡੀਐੱਮਜ਼) ਅਤੇ ਜ਼ਿਲ੍ਹਾ ਮਾਲ ਅਫ਼ਸਰਾਂ (ਡੀਆਰਓਜ਼) ਨਾਲ ਮੀਟਿੰਗ ਕੀਤੀ।
ਤਿੰਨ ਘੰਟੇ ਲਗਾਤਾਰ ਲੰਬੀ ਚੱਲੀ ਇਸ ਮੀਟਿੰਗ ਦੌਰਾਨ ਲੋਕ ਨਿਰਮਾਣ ਮੰਤਰੀ ਨੇ ਲੋਕ ਨਿਰਮਾਣ ਵਿਭਾਗ ਦੇ ਸਕੱਤਰ ਪ੍ਰਿਅੰਕ ਭਾਰਤੀ, ਚੀਫ ਇੰਜੀਨੀਅਰ, ਨੈਸ਼ਨਲ ਹਾਈਵੇਜ਼, ਪੰਜਾਬ ਪੀ.ਡਬਲਯੂ.ਡੀ (ਬੀ.ਐਂਡ.ਆਰ.) ਸ. ਜੇ.ਐੱਸ.ਤੁੰਗ ਅਤੇ ਐੱਨ.ਐੱਚ.ਏ.ਆਈ., ਚੰਡੀਗੜ੍ਹ ਦੇ ਆਰ.ਓ. ਸ੍ਰੀ ਵਿਪਨੇਸ਼ ਸ਼ਰਮਾ ਨਾਲ ਚੱਲ ਰਹੇ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਕੌਮੀ ਸ਼ਾਹਮਾਰਗਾਂ ਲਈ ਜ਼ਮੀਨ ਪ੍ਰਾਪਤੀ ਦੌਰਾਨ ਦਰਪੇਸ਼ ਚੁਣੌਤੀਆਂ ਨੂੰ ਦੂਰ ਕਰਨ ਲਈ ਰਣਨੀਤੀ ‘ਤੇ ਚਰਚਾ ਕੀਤੀ।
ਕੈਬਨਿਟ ਮੰਤਰੀ ਨੇ ਐੱਸ.ਡੀ.ਐੱਮਜ਼ ਨੂੰ ਹਦਾਇਤ ਕੀਤੀ ਕਿ ਉਹ ਲੰਬਿਤ ਮਸਲਿਆਂ ਦਾ ਜਲਦੀ ਹੱਲ ਅਤੇ ਜ਼ਮੀਨ ਮਾਲਕਾਂ ਨੂੰ ਉਚਿਤ ਮੁਆਵਜ਼ਾ ਮਿਲਣਾ ਯਕੀਨੀ ਬਣਾਉਣ। ਇਹ ਸਮੀਖਿਆ ਮੀਟਿੰਗ ਜਲਦੀ ਹੀ ਅਗਲੀ ਬੁਲਾਈ ਜਾਣ ਵਾਲੀ ਮੀਟਿੰਗ ਦੌਰਾਨ ਕਾਰਗੁਜ਼ਾਰੀ ਦੇ ਮੁਲਾਂਕਣ ਲਈ ਬੈਂਚਮਾਰਕ ਵਜੋਂ ਕੰਮ ਕਰੇਗੀ। ਇਸ ਦੇ ਨਾਲ ਹੀ ਕੈਬਨਿਟ ਮੰਤਰੀ ਨੇ ਉਨ੍ਹਾਂ ਅਧਿਕਾਰੀਆਂ ਦੀ ਕਾਰਗੁਜ਼ਾਰੀ ਦੀ ਵੀ ਸ਼ਲਾਘਾ ਕੀਤੀ ਜਿੰਨ੍ਹਾਂ ਸਮਰਪਣ ਅਤੇ ਪ੍ਰੋਜੈਕਟਾਂ ਨੂੰ ਜਲਦੀ ਲਾਗੂ ਕਰਨ ਪ੍ਰਤੀ ਵਚਨਬੱਧਤਾ ਤਹਿਤ ਜ਼ਮੀਨ ਐਕਵਾਇਰ ਵਿੱਚ ਜ਼ੀਰੋ ਪੈਂਡੈਂਸੀ ਹਾਸਲ ਕੀਤੀ ਹੈ।
ਇਸ ਦੌਰਾਨ ਐਸ.ਡੀ.ਐਮਜ਼ ਅਤੇ ਡੀ.ਆਰ.ਓਜ਼ ਨੇ ਲੋਕ ਨਿਰਮਾਣ ਮੰਤਰੀ ਨੂੰ ਇਕਾਵਾਇਰ ਕੀਤੀਆਂ ਗਈਆਂ ਜ਼ਮੀਨਾਂ ਦੀ ਸਥਿਤੀ ਤੋਂ ਕੈਬਨਿਟ ਮੰਤਰੀ ਨੂੰ ਜਾਣੂ ਕਰਵਾਇਆ। ਉਨ੍ਹਾਂ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਜ਼ਮੀਨ ਮਾਲਕਾਂ ਨੂੰ ਇੰਨ੍ਹਾਂ ਪ੍ਰੋਜੈਕਟਾਂ ਲਈ ਜ਼ਮੀਨ ਦੇਣ ਲਈ ਤਿਆਰ ਕਰਨ ਲਈ ਪਿੰਡਾਂ ਵਿੱਚ ਕੈਂਪ ਲਗਾਉਣ, ਜ਼ਮੀਨ ਮਾਲਕਾਂ ਤੱਕ ਨਿੱਜੀ ਤੌਰ ‘ਤੇ ਪਹੁੰਚ ਕਰਕੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਅਤੇ ਇਸ ਸਬੰਧੀ ਕੀਤੇ ਜਾ ਰਹੇ ਹੋਰ ਯਤਨਾਂ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ।