ਨੈਸ਼ਨਲ – ਗੁਜਰਾਤ ਤੋਂ ਇਕ ਬੇਹੱਦ ਦਰਦਨਾਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਬਨਾਸਕਾਂਠਾ ਜ਼ਿਲ੍ਹੇ ‘ਚ ਪੈਂਦੇ ਡੀਸਾ ਡੀ.ਆਈ.ਡੀ.ਸੀ. ਸਥਿਤ ਇਕ ਪਟਾਕਿਆਂ ਦੇ ਗੋਦਾਮ ‘ਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ 17 ਲੋਕਾਂ ਦੀ ਭਿਆਨਕ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਇਹ ਅੱਗ ਬਾਇਲਰ ‘ਚ ਧਮਾਕੇ ਕਾਰਨ ਲੱਗੀ, ਜਿਸ ਦੀ ਜਾਣਕਾਰੀ ਮਿਲਣ ‘ਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚੀ ਤੇ ਆ ਕੇ ਬੜੀ ਮਿਹਨਤ-ਮੁਸ਼ੱਕਤ ਮਗਰੋਂ ਅੱਗ ‘ਤੇ ਕਾਬੂ ਪਾਇਆ। ਪਰ ਇਸ ਦੌਰਾਨ 17 ਲੋਕਾਂ ਦੀ ਦਰਦਨਾਕ ਮੌਤ ਹੋ ਚੁੱਕੀ ਸੀ, ਜਦਕਿ ਕਈ ਹੋਰ ਮਜ਼ਦੂਰਾਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਸਾਹਮਣੇ ਆਈ ਹੈ, ਜਿਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ ਹੈ।
ਅਚਾਨਕ ਲੱਗੀ ਅੱਗ ਕਾਰਨ ਜੋ ਧਮਾਕਾ ਹੋਇਆ, ਉਸ ਨਾਲ ਫੈਕਟਰੀ ਦੀ ਸਲੈਬ ਵੀ ਟੁੱਟ ਕੇ ਡਿੱਗ ਗਈ, ਜਿਸ ਕਾਰਨ ਰੈਸਕਿਊ ਆਪ੍ਰੇਸ਼ਨ ‘ਚ ਵੀ ਮੁਸ਼ਕਲ ਆ ਰਹੀ ਸੀ ਤੇ ਇਕ ਦਮ ਇਲਾਕੇ ‘ਚ ਭਾਜੜਾਂ ਪੈ ਗਈਆਂ। ਜਾਣਕਾਰੀ ਮਿਲਣ ਮਗਰੋਂ ਪੁਲਸ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ ਤੇ ਮਾਮਲੇ ਦੀ ਛਾਣਬੀਣ ਕਰ ਰਹੀ ਹੈ। ਜਾਣਕਾਰੀ ਅਨੁਸਾਰ ਫੈਕਟਰੀ ਮਾਲਕ ਫਰਾਰ ਦੱਸੇ ਜਾ ਰਹੇ ਹਨ।