ਜਲੰਧਰ – ਜਲੰਧਰ ਵਿੱਚ ਪਤੀ-ਪਤਨੀ ਦੀ ਜੋੜੀ ਨੇ ਫਰਜ਼ੀ ਬਿੱਲ ਕੱਟ ਕੇ 15 ਤੋਂ 20 ਕਰੋੜ ਰੁਪਏ ਦੀ ਜੀ. ਐੱਸ. ਟੀ. ਚੋਰੀ ਕਰ ਲਈ, ਜਿਸ ਦੀ ਭਿਣਕ ਜੀ. ਐੱਸ. ਟੀ. ਵਿਭਾਗ ਨੂੰ ਲੱਗੀ ਤਾਂ ਜਾਂਚ ਕਰਨ ’ਤੇ ਜਾਣਕਾਰੀ ਸਹੀ ਨਿਕਲੀ। ਰੇਰੂ ਸਥਿਤ ਇਨ੍ਹਾਂ ਦੀ ਫਰਮ ਦੇ ਨਾਲ-ਨਾਲ 3 ਤੋਂ 4 ਹੋਰ ਫਰਮਾਂ ਦੇ ਵੀ ਨਾਂ ਸਾਹਮਣੇ ਆਏ ਹਨ, ਜਿਨ੍ਹਾਂ ਦੇ ਤਾਰ ਵੀ ਇਸ ਹੀ ਬੰਟੀ ਅਤੇ ਬਬਲੀ ਨਾਲ ਜੁੜੇ ਨਿਕਲੇ।
ਜੀ. ਐੱਸ. ਟੀ. ਵਿਭਾਗ ਨੇ ਇਸ ਸਾਰੇ ਮਾਮਲੇ ਦੀ ਰਿਪੋਰਟ ਬਣਾ ਕੇ ਦਿੱਲੀ ਭੇਜ ਦਿੱਤੀ ਹੈ, ਜਦਕਿ ਇਨ੍ਹਾਂ ਦਾ ਜੀ. ਐੱਸ. ਟੀ. ਨੰਬਰ ਵੀ ਸਸਪੈਂਡ ਕਰ ਿਦੱਤਾ ਹੈ, ਜੋ ਕਿਸੇ ਹੋਰ ਵਿਅਕਤੀ ਦੇ ਨਾਂ ਦਾ ਨਿਕਲਿਆ ਹੈ। ਅਸਲ ਵਿਚ ਪਤੀ ਪਤਨੀ ਫਰੀਦਾਬਾਦ ਨਾਲ ਸਬੰਧਤ ਹਨ, ਜਿਨ੍ਹਾਂ ਨੇ ਕਾਫੀ ਸਮਾਂ ਇਸੇ ਤਰ੍ਹਾਂ ਫਰੀਦਾਬਾਦ ਵਿਚ ਜੀ. ਐੱਸ. ਟੀ. ਦੀ ਚੋਰੀ ਕਰ ਕੇ ਵੱਡਾ ਮੁਨਾਫਾ ਕਮਾਇਆ, ਜਿਸ ਤੋਂ ਬਾਅਦ ਲੱਗਭਗ 2 ਸਾਲ ਪਹਿਲਾਂ ਉਹ ਜਲੰਧਰ ਆ ਕੇ ਰਹਿਣ ਲੱਗੇ।
ਇਨ੍ਹਾਂ ਦੋਵਾਂ ਨੇ ਸਕ੍ਰੈਪ ਆਦਿ ਦੇ ਫਰਜ਼ੀ ਬਿੱਲ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਇਸੇ ਤਰ੍ਹਾਂ ਕਈ ਫਰਮਾਂ ਵੀ ਆਪਣੇ ਨਾਲ ਜੋੜ ਲਈਆਂ। ਇਹ ਦੋਵੇਂ ਪਤੀ-ਪਤਨੀ ਮਾਲ ਖਰੀਦਣ ਦਾ ਫਰਜ਼ੀ ਬਿੱਲ ਤਾਂ ਤਿਆਰ ਕਰ ਲੈਂਦੇ ਸਨ ਪਰ ਅਸਲ ਵਿਚ ਮਾਲ ਦੀ ਖਰੀਦਦਾਰੀ ਨਹੀਂ ਹੁੰਦੀ ਸੀ। ਇਸੇ ਤਰ੍ਹਾਂ ਹਾਲ ਹੀ ਵਿਚ ਉਕਤ ਪਤੀ-ਪਤਨੀ ਨੇ ਕਰੋੜਾਂ ਰੁਪਏ ਦੀ ਜੀ. ਐੱਸ. ਟੀ. ਚੋਰੀ ਕਰ ਕੇ ਵਿਭਾਗ ਨੂੰ ਚੂਨਾ ਲਗਾਇਆ।