ਗੁਰਦਾਸਪੁਰ – ਅੱਜ ਕਈ ਦਿਨਾਂ ਬਾਅਦ ਮੁੜ ਸੰਘਣੀ ਧੁੰਦ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਅੱਜ ਅੰਮ੍ਰਿਤਸਰ-ਜੰਮੂ ਨੈਸ਼ਨਲ ਹਾਈਵੇ ‘ਤੇ ਧਾਰੀਵਾਲ ਨੇੜੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿੱਥੇ ਪਠਾਨਕੋਟ ਤੋਂ ਅੰਮ੍ਰਿਤਸਰ ਜਾ ਰਹੇ ਵੱਡੇ ਟਰਾਲੇ ਅਤੇ ਗੰਨਿਆਂ ਨਾਲ ਭਰੀ ਟਰੈਕਟਰ ਟਰਾਲੀ ਦੀ ਭਿਆਨਕ ਟੱਕਰ ਹੋਈ ਹੈ। ਇਸ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਤਾਂ ਬਚਾ ਰਿਹਾ ਪਰ ਦੋਵਾਂ ਵਾਹਨਾਂ ਦਾ ਭਾਰੀ ਨੁਕਸਾਨ ਹੋ ਗਿਆ।
ਜਾਣਕਾਰੀ ਅਨੁਸਾਰ ਟਰੱਕ ਨੰਬਰ ਪੀ.ਬੀ.35 ਏਐਮ 9863 ਪਠਾਨਕੋਟ ਤੋਂ ਅੰਮ੍ਰਿਤਸਰ ਵਾਲੀ ਸਾਈਡ ਨੂੰ ਜਾ ਰਿਹਾ ਸੀ। ਇਸ ਦੌਰਾਨ ਅੱਗੇ ਜਾ ਰਹੀ ਗੰਨਿਆ ਨਾਲ ਭਰੀ ਟਰਾਲੀ ਵਿੱਚ ਉਕਤ ਟਰਾਲਾ ਟਕਰਾ ਗਿਆ, ਜਿਸ ਕਾਰਨ ਟਰਾਲੇ ਦੇ ਅਗਲੇ ਹਿੱਸੇ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਟੱਕਰ ਹੋਣ ਕਾਰਨ ਟਰੈਕਟਰ ਅਤੇ ਟਰਾਲੀ ਵੀ ਪਲਟ ਗਈ। ਦੱਸਣਯੋਗ ਹੈ ਕਿ ਅੱਜ ਪੂਰੇ ਪੰਜਾਬ ਅੰਦਰ ਹੀ ਸੰਘਣੀ ਧੁੰਦ ਪਈ ਹੈ ਅਤੇ ਸਾਰੇ ਪਾਸੇ ਜ਼ੀਰੋ ਵਿਜ਼ੀਬਿਲਟੀ ਵਰਗੀ ਸਥਿਤੀ ਬਣੀ ਹੋਈ ਹੈ।