ਪਾਤੜਾਂ : ਪਾਤੜਾਂ-ਖਨੌਰੀ ਮੁੱਖ ਮਾਰਗ ’ਤੇ ਪਿੰਡ ਜੋਗੇਵਾਲਾ ਵਿਖੇ ਸਵੇਰੇ ਸਕੂਲੀ ਬੱਚਿਆਂ ਨੂੰ ਲੈਣ ਆਈ ਨਿੱਜੀ ਸਕੂਲ ਦੀ ਬੱਸ ਅਚਾਨਕ ਪਲਟ ਗਈ। ਇਸ ਦੌਰਾਨ ਬੱਸ ਹੇਠ ਆਉਣ ਕਾਰਨ ਬਜ਼ੁਰਗ ਔਰਤ ਸ਼ਾਂਤੀ ਦੇਵੀ ਦੀ ਮੌਤ ਹੋ ਗਈ। ਥਾਣਾ ਸ਼ੁਤਰਾਣਾ ਦੇ ਮੁਖੀ ਗੁਰਮੀਤ ਸਿੰਘ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰ ਸਮੇਂ ਪਿੰਡ ਢਾਬੀ ਗੁੱਜਰਾਂ ਨਾਲ ਸਬੰਧਤ ਨਿੱਜੀ ਸਕੂਲ ਦੀ ਬੱਸ ਪਿੰਡ ਜੋਗੇਵਾਲਾ ਵਿਚ ਸਕੂਟਰ ਸਵਾਰ ਨੂੰ ਬਚਾਉਂਦਿਆਂ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਕੇ ਪਲਟ ਗਈ। ਬੱਸ ਦੇ ਹੇਠਾਂ ਆ ਕੇ ਪਿੰਡ ਜੋਗੇਵਾਲਾ ਵਾਸੀ 65 ਸਾਲਾ ਸਾਂਤੀ ਦੇਵੀ ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਹਾਦਸੇ ਸਮੇਂ ਸਕੂਲ ਬੱਸ ਵਿਚ ਦਰਜਨ ਤੋਂ ਵੱਧ ਸਕੂਲੀ ਬੱਚਿਆਂ ਤੋਂ ਇਲਾਵਾ ਕੁਝ ਅਧਿਆਪਕ ਵੀ ਸਵਾਰ ਸਨ, ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਮੁੱਢਲੀ ਡਾਕਟਰੀ ਮਦਦ ਦੇਣ ਤੋਂ ਬਾਅਦ ਬੱਚਿਆਂ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪਿੰਡ ਜੋਗੇਵਾਲਾ ਵਾਸੀ ਫਤਿਹ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਸ਼ਾਂਤੀ ਦੇਵੀ ਦੇ ਪਰਿਵਾਰ ਦਾ ਪਿੰਡ ਦੇ ਪਤਵੰਤੇ ਸੱਜਣਾਂ ਨੇ ਸਕੂਲ ਪ੍ਰਬੰਧਕਾਂ ਨਾਲ ਸਮਝੌਤਾ ਕਰਵਾ ਦਿੱਤਾ ਹੈ।