ਭੋਗਪੁਰ/ਆਦਮਪੁਰ – ਆਦਮਪੁਰ ਵਿਖੇ ਟਰੇਨ ਦੀ ਖੜ੍ਹੀ ਟਰਾਲੀ ਨਾਲ ਟੱਕਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਗਨੀਮਤ ਇਹ ਰਹੀ ਕਿ ਕੋਈ ਵੱਡਾ ਹਾਦਸਾ ਨਹੀਂ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਆਦਮਪੁਰ ਵਿਖੇ ਰੇਲਵੇ ਕੁਆਰਟਰਾਂ ਦੇ ਵਿੱਚ ਕੰਮ ਚੱਲ ਰਿਹਾ ਸੀ ਤਾਂ ਹੁਸ਼ਿਆਰਪੁਰ ਤੋਂ ਜਲੰਧਰ ਵੱਲ ਆ ਰਹੀ ਟਰੇਨ ਖੜ੍ਹੀ ਟਰਾਲੀ ਵਿੱਚ ਜਾ ਟਕਰਾਈ, ਜਿਸ ਨਾਲ ਟਰਾਲੀ ਦੇ ਪਰਖੱਚੇ ਉੱਡ ਗਏ ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ।
ਜਾਣਕਾਰੀ ਅਨੁਸਾਰ ਇਹ ਟਰਾਲੀ ਰੇਲਵੇ ਦੇ ਹੀ ਕੁਆਰਟਰਾਂ ਦੇ ਵਿੱਚ ਖੜ੍ਹੀ ਹੋਈ ਸੀ, ਜਿੱਥੇ ਕਿ ਰੇਲਵੇ ਕੁਆਰਟਰਾਂ ਦਾ ਕੰਮ ਚੱਲ ਰਿਹਾ ਸੀ ਅਤੇ ਰੇਲਵੇ ਲਾਈਨਾਂ ਦੇ ਕੋਲ ਟਰਾਲੀ ਖੜ੍ਹੀ ਸੀ ਪਰ ਟਰੇਨ ਖੜ੍ਹੀ ਟਰਾਲੀ ਨਾਲ ਟਕਰਾ ਗਈ। ਮੌਕੇ ‘ਤੇ ਹੀ ਚੀਕ-ਚਿਹਾੜਾ ਮਚ ਗਿਆ। ਰੇਲਵੇ ਵਿਭਾਗ ਦੇ ਕਿਸੇ ਵੀ ਅਧਿਕਾਰੀ ਨਾਲ ਸੰਪਰਕ ਨਹੀਂ ਹੋ ਰਿਹਾ। ਵੇਖਣਾ ਹੋਵੇਗਾ ਕਿ ਹੁਣ ਰੇਲਵੇ ਪ੍ਰਸ਼ਾਸਨ ਆਪਣੇ ਵਿਭਾਗ ‘ਤੇ ਕਿਸ ਤਰ੍ਹਾਂ ਦੀ ਕਾਰਵਾਈ ਕਰਦਾ ਹੈ। ਟਰੇਨ ਦਾ ਇੱਕ ਡੱਬਾ ਨੁਕਸਾਨਿਆ ਗਿਆ ਹੈ।