ਜੈਤੋ/ਸਾਦਿਕ : ਬੀਤੇ ਦਿਨੀਂ ਪਿੰਡ ਚੰਦਭਾਨ ’ਚ ਰੋਸ ਪ੍ਰਦਰਸ਼ਨ ਦੌਰਾਨ ਭੰਨ ਤੋੜ ਕਰਨ ਵਾਲੇ ਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਭੰਗ ਕਰਨ ਵਾਲਿਆਂ ਖ਼ਿਲਾਫ ਪੁਲਸ ਨੇ ਸਖ਼ਤ ਕਾਰਵਾਈ ਕਰਦਿਆਂ 38 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਨੂੰ ਥਾਣਾ ਸਾਦਿਕ ਲਿਆਂਦਾ ਗਿਆ। ਜਾਣਕਾਰੀ ਮੁਤਾਬਿਕ 5 ਫਰਵਰੀ ਨੂੰ ਫਰੀਦਕੋਟ ਜ਼ਿਲ੍ਹੇ ਦੀ ਪੁਲਸ ਫੋਰਸ, ਜਿਸ ’ਚ ਇੰਸਪੈਕਟਰ ਰਾਜੇਸ਼ ਕੁਮਾਰ ਮੁੱਖ ਅਫਸਰ ਥਾਣਾ ਜੈਤੋ, ਥਾਣੇਦਾਰ ਬਲਰਾਜ ਸਿੰਘ ਮੁੱਖ ਅਫਸਰ ਥਾਣਾ ਬਾਜਾਖਾਨਾ ਤੇ ਸ਼ਮਸ਼ੇਰ ਸਿੰਘ ਡੀ. ਐੱਸ. ਪੀ. ਫਰੀਦਕੋਟ ਪੁਲਸ ਫੋਰਸ ਸਮੇਤ ਨਾਇਬ ਤਹਿਸੀਲਦਾਰ ਡਿਊਟੀ ਮੈਜਿਸਟ੍ਰੇਟ ਹਰਪਾਲ ਸਿੰਘ ਪਿੰਡ ਚੰਦਭਾਨ ਵਿਖੇ ਮੌਜੂਦ ਸਨ। ਪਿੰਡ ਚੰਦਭਾਨ ਵਿਖੇ ਕਰੀਬ 100/125 ਵਿਅਕਤੀਆਂ ਵੱਲੋਂ ਬੱਸ ਸਟੈਂਡ ਪਿੰਡ ਚੰਦਭਾਨ ਵਿਖੇ ਨਾਲੀ ਬਣਾਉਣ ਨੂੰ ਲੈ ਕੇ ਧਰਨਾ ਲਾਇਆ ਹੋਇਆ ਸੀ, ਜਿਸ ਦੀ ਅਗਵਾਈ ਕੁਲਦੀਪ ਸਿੰਘ ਤੇ ਉਸਦੀ ਪਤਨੀ ਅਮਨਦੀਪ ਕੌਰ ਮੌਜੂਦਾ ਸਰਪੰਚ ਕਰ ਰਹੇ ਸਨ ।
ਸ਼ਾਮ 5 ਵਜੇ ਜਦ ਸਾਰਾ ਪ੍ਰਸ਼ਾਸਨ ਇਨ੍ਹਾਂ ਨੂੰ ਬੰਦ ਕੀਤੇ ਹਾਈਵੇਅ ਨੂੰ ਖੋਲ੍ਹਣ ਲਈ ਪਿਆਰ ਨਾਲ ਸਮਝਾ ਰਿਹਾ ਸੀ ਤਾਂ ਇੰਨੇ ’ਚ ਹੀ ਅਮਨਦੀਪ ਕੌਰ ਸਰਪੰਚ ਵੱਲੋਂ ਮੌਜੂਦ ਲੋਕਾਂ ਨੂੰ ਪੁਲਸ ਖ਼ਿਲਾਫ ਭੜਕਾਇਆ ਅਤੇ ਖੁਦ ਇੱਟ ਦਾ ਪੱਕਾ ਰੋੜਾ ਚੁੱਕ ਕੇ ਮਾਰਿਆ। ਇਸ ਪਥਰਾਅ ਦੌਰਾਨ ਕਈ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ। ਇਨ੍ਹਾਂ ਵੱਲੋਂ ਮੌਕਾ ’ਤੇ ਖੜ੍ਹੀਆਂ ਪੁਲਸ ਤੇ ਮੀਡੀਆ ਦੀਆਂ ਗੱਡੀਆਂ ਵੀ ਭੰਨੀਆਂ ਗਈ ਤੇ ਕਈ ਨਿੱਜੀ ਵਾਹਨਾਂ ਦੀ ਵੀ ਭੰਨ-ਤੋੜ ਕਰਨੀ ਵੀ ਸ਼ੁਰੂ ਕਰ ਦਿੱਤੀ। ਇਸ ਉਪਰੰਤ ਫਰੀਦਕੋਟ ਐੱਸ. ਐੱਸ. ਪੀ. ਫਰੀਦਕੋਟ ਡਾ. ਪ੍ਰਗਿਆ ਜੈਨ ਅਤੇ ਜ਼ਿਲ੍ਹੇ ਦੇ ਸੀਨੀਅਰ ਪੁਲਸ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਇਸ ਘਟਨਾ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਘਟਨਾ ਲਈ ਜ਼ਿੰਮੇਵਾਰ ਕਰੀਬ 38 ਮੁਲਜ਼ਮਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ।