ਭਗਵੰਤ ਮਾਨ ਦੀ ਅਗਵਾਈ ਹੇਠ ਜਿੱਥੇ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਤੱਕ ਪਹੁੰਚ ਕਰਕੇ ਮੁਸ਼ਕਿਲਾਂ ਦਾ ਹੱਲ ਕੀਤਾ ਜਾ ਰਿਹਾ ਤਾਂ ਉੱਥੇ ਹੀ ਮੰਗਾਂ ਅਤੇ ਮੁਸ਼ਕਿਲਾਂ ਨੂੰ ਧਿਆਨ ’ਚ ਰੱਖਦਿਆ ਮਹਿਕਮਿਆਂ ਨਾਲ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਅਮਰਗੜ੍ਹ ਦੀ ਰੈਵੀਨਿਊ ਪਟਵਾਰ ਯੂਨੀਅਨ, ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਯੂਨੀਅਨ ਦੇ ਆਗੂਆਂ ਨਾਲ ਮੀਟਿੰਗ ਕੀਤੀ ਗਈ। ਇਹ ਮੀਟਿੰਗ ਫਗਵਾੜੇ ਦੇ ਵਿੱਚ ਹੋਈ। ਜਿੱਥੇ ਇਸ ਮੀਟਿੰਗ ’ਚ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ, ਬ੍ਰਹਮ ਸ਼ੰਕਰ ਜਿੰਪਾ ਮਾਲ ਮੰਤਰੀ, ਕੁਲਦੀਪ ਸਿੰਘ ਧਾਲੀਵਾਲ NRI ਮਾਮਲੇ ਦੇ ਮੰਤਰੀ, ਵੀਕੇ ਸਿੰਘ ਸਪੈਸ਼ਲ ਚੀਫ ਸਕੱਤਰ, ਅਨੁਰਾਗ ਵਰਮਾ ਮੁੱਖ ਸਕੱਤਰ, ਅਜੋਏ ਕੁਮਾਰ ਸਿਨਹਾ ਪ੍ਰਿੰਸੀਪਲ ਸੈਕਟਰੀ ਵਿੱਤ, ਅਤੇ ਕੇਏਪੀ ਸਿਨਹਾ ਵਿੱਤੀ ਕਮਿਸ਼ਨਰ ਮਾਲ ਮੌਜੂਦ ਰਹੇ।
ਇਸ ਸਬੰਧੀ ਜਾਣਕਾਰੀ ਰੈਵਨਿਊ ਪਟਵਾਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਜਥੇਬੰਦੀ ਦੇ ਮੰਗ ਪੱਤਰ ’ਤੇ ਦਰਜ਼ ਮੰਗਾਂ ਉੱਤੇ ਅੱਜ ਸੁਚਾਰੂ ਢੰਗ ਨਾਲ ਵਿਚਾਰ ਚਰਚਾ ਹੋਈ। ਮੁੱਖ ਮੰਤਰੀ ਸਾਹਿਬ ਵਲੋਂ ਵਿਭਾਗਾਂ ਨੂੰ ਮੰਗਾਂ ਦੀ ਪੂਰਤੀ ਲਈ ਕਾਰਵਾਈ ਆਰੰਭ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਵਿਭਾਗ ਨੂੰ ਜਥੇਬੰਦੀ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਦੀ ਹਦਾਇਤ ਵੀ ਕੀਤੀ ਗਈ ਹੈ। ਜਿਸ ਦੇ ਸਿੱਟੇ ਵਜੋਂ ਜਥੇਬੰਦੀ ਵਲੋਂ 1 ਜੁਲਾਈ ਵਾਲਾ ਐਕਸ਼ਨ ਮੁਲਤਵੀ ਕਰ ਦਿੱਤਾ ਗਿਆ ਹੈ।