ਛਿੰਦਵਾੜਾ- ਚਾਰਜਿੰਗ ਦੌਰਾਨ ਮੋਬਾਈਲ ਫੋਨ ਦਾ ਇਸਤੇਮਾਲ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਕਈ ਵਾਰ ਇਸ ਤਰ੍ਹਾਂ ਦੀ ਲਾਪ੍ਰਵਾਹੀ ਵੱਡਾ ਹਾਦਸਾ ਬਣ ਸਕਦੀ ਹੈ। ਅਜਿਹਾ ਹੀ ਇਕ ਮਾਮਲਾ ਮੱਧ ਪ੍ਰਦੇਸ਼ ‘ਚ ਸਾਹਮਣੇ ਆਇਆ ਹੈ, ਜਿੱਥੇ ਹੱਥ ‘ਚ ਮੋਬਾਈਲ ਫੋਨ ਫਟਣ ਕਾਰਨ 9 ਸਾਲਾ ਬੱਚਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਇਹ ਘਟਨਾ ਛਿੰਦਵਾੜਾ ਜ਼ਿਲੇ ਦੇ ਚੌਰਈ ਇਲਾਕੇ ਦੇ ਪਿੰਡ ਕਲਕੋਟੀ ਦੇਵਾਰੀ ‘ਚ ਵਾਪਰੀ। ਬੱਚੇ ਦੇ ਪਿਤਾ ਹਰਦਿਆਲ ਸਿੰਘ ਨੇ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਹ ਅਤੇ ਉਸ ਦੀ ਪਤਨੀ ਖੇਤਾਂ ‘ਚ ਕੰਮ ਕਰ ਰਹੇ ਸੀ।
ਹਰਦਿਆਲ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਆਪਣੇ ਦੋਸਤਾਂ ਨਾਲ ਘਰ ‘ਚ ਸੀ। ਚਾਰਜਿੰਗ ਲਈ ਲਾਏ ਗਏ ਮੋਬਾਈਲ ਫੋਨ ‘ਤੇ ਕਾਰਟੂਨ ਵੇਖ ਰਿਹਾ ਸੀ ਤਾਂ ਅਚਾਨਕ ਮੋਬਾਈਲ ਫੋਨ ਫਟ ਗਿਆ। ਜਿਸ ਕਾਰਨ ਉਸ ਦੇ ਹੱਥ ਅਤੇ ਪੱਟ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਅਸੀਂ ਖੇਤਾਂ ਵਿਚ ਸੀ ਜਦੋਂ ਗੁਆਂਢੀ ਨੇ ਸਾਨੂੰ ਹਾਦਸੇ ਬਾਰੇ ਦੱਸਿਆ, ਜਿਸ ਤੋਂ ਬਾਅਦ ਅਸੀਂ ਦੌੜ ਕੇ ਆਏ। ਪਿਤਾ ਮੁਤਾਬਕ ਅਸੀਂ ਬੱਚੇ ਨੂੰ ਤੁਰੰਤ ਸਿਹਤ ਕੇਂਦਰ ਲੈ ਗਏ, ਜਿੱਥੋਂ ਉਸ ਦੀ ਹਾਲਤ ਨੂੰ ਵੇਖਦੇ ਹੋਏ ਡਾਕਟਰ ਨੇ ਛਿੰਦਵਾੜਾ ਦੇ ਇਕ ਹਸਪਤਾਲ ‘ਚ ਰੈਫਰ ਕਰ ਦਿੱਤਾ।