ਬਿਲਗਾ/ਗੁਰਾਇਆ –ਵਿਧਾਨ ਸਭਾ ਹਲਕਾ ਨਕੋਦਰ ਦੇ ਪਿੰਡ ਬਿਲਗਾ ਵਿਖੇ ਸਰਕਾਰ ਵੱਲੋਂ ਵਿਕਾਸ ਕਾਰਜਾਂ ਦੇ ਕੰਮ ਕਰਵਾਏ ਜਾ ਰਹੇ ਹਨ। ਪਿੰਡ ’ਚ ਸੀਵਰੇਜ ਵਿਭਾਗ ਵੱਲੋਂ ਸੀਵਰੇਜ ਦੇ ਪਾਈਪ ਪਾਉਣ ਲਈ ਖੁਦਾਈ ਦਾ ਕੰਮ ਠੇਕੇਦਾਰ ਨੂੰ ਦਿੱਤਾ ਹੈ। ਇਹ ਸੀਵਰੇਜ ਲੱਗਭਗ 14 ਫੁੱਟ ਡੂੰਘਾ ਪਾਇਆ ਜਾ ਰਿਹਾ ਹੈ, ਜਿੱਥੇ ਵੀ ਸੀਵਰੇਜ ਦੇ ਕੰਮ ਜਾਂ ਹੋਰ ਖੁਦਾਈ ਦੇ ਕੰਮ ਨੂੰ ਕੀਤਾ ਜਾਂਦਾ ਹੈ ਤਾਂ ਉਸ ਥਾਂ ਤੇ ਵੱਖ-ਵੱਖ ਕੰਪਨੀਆਂ, ਜਿਨ੍ਹਾਂ ਦੇ ਨੈੱਟ ਜਾ ਹੋਰ ਤਾਰਾਂ ਅੰਡਰਗਰਾਊਂਡ ਪਾਈਆਂ ਗਈਆਂ ਹਨ, ਉਨ੍ਹਾਂ ਦੇ ਅਧਿਕਾਰੀ ਜਾਂ ਮੁਲਾਜ਼ਮ ਆਪਣੀਆਂ ਤਾਰਾਂ ਨੂੰ ਬਚਾਉਣ ਜਾਂ ਉਸ ਦੀ ਰਿਪੇਅਰ ਲਈ ਮੌਕੇ ’ਤੇ ਮੌਜੂਦ ਹੁੰਦੇ ਹਨ।
ਇਸੇ ਹੀ ਤਰ੍ਹਾਂ ਬੀ. ਐੱਸ. ਐੱਨ. ਐੱਲ. ਕੰਪਨੀ ਦੀਆਂ ਤਾਰਾਂ, ਜਿਸ ਥਾਂ ’ਤੇ ਖੁਦਾਈ ਦਾ ਕੰਮ ਚੱਲ ਰਿਹਾ ਸੀ, ਉਸ ਥਾਂ ’ਤੇ ਜੇ.ਸੀ.ਬੀ. ਮਸ਼ੀਨ ਦੀ ਬਕਟ ਲੱਗਣ ਨਾਲ ਖਰਾਬ ਹੋ ਗਈ ਸੀ, ਜਿਸ ਦੀ ਰਿਪੇਅਰ ਕਰਨ ਲਈ ਇਕ ਨੌਜਵਾਨ ਸੈਮੂਅਲ ਉਰਫ ਗੋਰੀ, (25) 14 ਫੁੱਟ ਟੋਏ ’ਚ ਵੜਿਆ ਹੋਇਆ ਸੀ, ਜਿਸ ਕੋਲ ਕੋਈ ਵੀ ਸੇਫਟੀ ਉਪਕਰਣ ਨਹੀਂ ਸੀ ਤੇ ਨਾ ਹੀ ਕੰਪਨੀ ਜਾਂ ਠੇਕੇਦਾਰ ਵੱਲੋਂ ਉਸ ਨੂੰ ਸੇਫਟੀ ਲਈ ਕੋਈ ਚੀਜ਼ ਦਿੱਤੀ ਗਈ ਸੀ, ਜਿਸ ਉੱਪਰ ਮਿੱਟੀ ਦੀ ਢਿੱਗ ਡਿੱਗਣ ਕਾਰਨ ਉਹ ਮਿੱਟੀ ਹੇਠਾਂ ਦੱਬ ਗਿਆ, ਜਿਸ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ