ਚੰਡੀਗੜ੍ਹ : ਪੰਜਾਬ ਵਿਚ ਬਹੁਤ ਛੇਤੀ ਬੇਅਦਬੀਆਂ ਨੂੰ ਰੋਕਣ ਲਈ ਸਖ਼ਤ ਸਜ਼ਾ ਦੀ ਤਜ਼ਵੀਜ਼ ਵਾਲਾ ਕਾਨੂੰਨ ਲਿਆਉਣ ਦੀ ਤਿਆਰੀ ਹੈ। ਅੱਜ ਹੋਣ ਵਾਲੀ ਕੈਬਨਿਟ ਮੀਟਿੰਗ ਵਿਚ ਇਸ ਬਾਰੇ ਇਸ ਬਾਰੇ ਕੋਈ ਵੱਡਾ ਐਲਾਨ ਵੀ ਹੋ ਸਕਦਾ ਹੈ ਤੇ 10 ਜੁਲਾਈ ਨੂੰ ਹੋਣ ਜਾ ਰਹੇ ਵਿਧਾਨ ਸਭਾ ਦੇ ਸੈਸ਼ਨ ਵਿਚ ਇਸ ਨੂੰ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਅੱਜ ਪੰਜਾਬ ਕੈਬਨਿਟ ਵਿਚ ਇਸ ਬਾਰੇ ਵਿਸਥਾਰਤ ਚਰਚਾ ਕੀਤੀ ਜਾਵੇਗੀ।
ਇੱਥੇ ਦੱਸ ਦਈਏ ਕਿ ਅੱਜ ਹੋਣ ਵਾਲੀ ਮੰਤਰੀ ਮੰਡਲ ਦੀ ਮੀਟਿੰਗ ਦਾ ਸਮਾਂ ਵੀ ਬਦਲ ਦਿੱਤਾ ਗਿਆ ਹੈ। ਪਹਿਲਾਂ ਇਹ ਮੀਟਿੰਗ ਸਵੇਰੇ 10 ਵਜੇ ਹੋਣੀ ਸੀ ਪਰ ਹੁਣ ਇਸ ਦਾ ਸਮਾਂ ਸ਼ਾਮ 6 ਵਜੇ ਕਰ ਦਿੱਤਾ ਗਿਆ ਹੈ। 10 ਜੁਲਾਈ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਗਿਆ ਹੈ। ਇਸ ਮੌਕੇ ਪੇਸ਼ ਕੀਤੇ ਜਾਣ ਵਾਲੇ ਬਿੱਲਾਂ ਬਾਰੇ ਮੰਤਰੀ ਮੰਡਲ ਦੀ ਮੀਟਿੰਗ ’ਚ ਚਰਚਾ ਹੋਵੇਗੀ। ਖ਼ਾਸ ਕਰ ਕੇ ਬੇਅਦਬੀ ਰੋਕਣ ਲਈ ਸਖ਼ਤ ਸਜ਼ਾ ਦੀ ਤਜਵੀਜ਼ ਬਾਰੇ ਬਿੱਲ ਲਿਆਂਦਾ ਜਾਵੇਗਾ, ਜਿਸ ਸਬੰਧੀ ਵਿਸਥਾਰਤ ਚਰਚਾ ਹੋਵੇਗੀ। ਬਿਕਰਮ ਸਿੰਘ ਮਜੀਠੀਆ ’ਤੇ ਹੋਈ ਕਾਰਵਾਈ ਦਾ ਸਾਰੀਆਂ ਵਿਰੋਧੀ ਪਾਰਟੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਵਿਧਾਨ ਸਭਾ ’ਚ ਵੀ ਸਰਕਾਰ ਨੂੰ ਇਸ ਮਸਲੇ ’ਤੇ ਘੇਰਿਆ ਜਾਵੇਗਾ। ਇਸ ਦੇ ਟਾਕਰੇ ਲਈ ਵੀ ਰਣਨੀਤੀ ਤਿਆਰ ਕੀਤੀ ਜਾਵੇਗੀ।