ਸੂਬੇ ’ਚ ਸੜਕ ਹਾਦਸੇ ਵੱਧਦੇ ਹੀ ਜਾ ਰਹੇ ਹਨ। ਸੜਕਾਂ ’ਤੇ ਵਾਹਨਾਂ ਦੀ ਵੱਧਦੀ ਤਾਦਾਦ ਅਤੇ ਲਾਪਰਵਾਹੀ ਨਾਲ ਚਾਲਕੀ ਮੁੱਖ ਤੌਰ ’ਤੇ ਸੜਕ ਹਾਦਸਿਆਂ ਦਾ ਕਾਰਨ ਮੰਨਿਆਂ ਜਾਂਦਾ ਹੈ। ਨਜ਼ਦੀਕੀ ਹਾਦਸਿਆਂ ’ਚ ਨਤੀਜ਼ੇ ਵੇਖਣ ਦੇ ਬਾਵਜੂਦ ਲੋਕ ਲਾਪਰਵਾਹੀ ਨਾਲ ਵ੍ਹੀਕਲ ਚਲਾਉਣ ਤੋਂ ਬਾਜ ਨਹੀਂ ਆਉਂਦੇ। ਤਾਜ਼ਾ ਮਾਮਲਾ ਮੁਹਾਲੀ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਦਰਦਨਾਕ ਸੜਕ ਹਾਦਸੇ ਦੌਰਾਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਵਿਅਕਤੀ ਜ਼ਖ਼ਮੀ ਹੋ ਗਏ। ਹਾਦਸਾ ਖਰੜ ਨਜ਼ਦੀਕੀ ਪਿੰਡ ਮਜਾਤੜੀ ’ਚ ਵਾਪਰਿਆ ਜਿੱਥੇ ਇੱਕ ਤੇਜ਼ ਰਫਤਾਰ ਗੱਡੀ ਅਤੇ ਇੱਕ ਮੋਟਰਸਾਈਕਲ ਵਿਚਾਲੇ ਭਿਆਨਕ ਟੱਕਰ ਹੋ ਗਈ।
ਜਾਣਕਾਰੀ ਮੁਤਾਬਕ ਦੋ ਮੋਟਰਸਾਇਕਲਾਂ ’ਤੇ ਚਾਰ ਨੌਜਵਾਨ ਸਵਾਰ ਆ ਰਹੇ ਸੀ ਕਿ ਇਸ ਦੌਰਾਨ ਪਿੱਛੇ ਤੋਂ ਆ ਰਹੀ ਤੇਜ਼ ਰਫ਼ਤਾਰ ਫਾਰਚੂਨਰ ਕਾਰ ਨੇ ਮੋਟਰਸਾਇਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਦੋ ਨੌਜਵਾਨਾਂ ਨੇ ਤੁਰੰਤ ਮੌਕੇ ’ਤੇ ਹੀ ਦਮ ਤੋੜ ਦਿੱਤਾ, ਜਦੋਂ ਕਿ ਦੂਜੇ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ, ਜਿੰਨ੍ਹਾਂ ਨੂੰ ਹਸਪਤਾਲ ’ਚ ਇਲਾਜ਼ ਲਈ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਮਜਾਤੜੀ ਪਿੰਡ ਵਾਸੀ 20 ਸਾਲਾਂ ਸੁਖਵਿੰਦਰ ਸਿੰਘ ਤੇ ਝੰਜੇੜੀ ਪਿੰਡ ਦੇ ਵਾਸੀ 18 ਸਾਲਾਂ ਜਸਪ੍ਰੀਤ ਵੱਜੋਂ ਹੋਈ ਹੈ। ਫਿਲਹਾਲ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਹਨ। ਜਿੰਨ੍ਹਾਂ ਵੱਲੋਂ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।