ਪਠਾਨਕੋਟ – ਪਠਾਨਕੋਟ ਨੇੜੇ ਵਗਦੇ ਚੱਕੀ ਦਰਿਆ ‘ਚ ਪੂਜਾ ਸਮਗਰੀ ਪਰਵਾਉਣ ਗਏ ਪਿਓ-ਪੁੱਤ ਦੀ ਦਰਿਆ ‘ਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਐੱਨ.ਡੀ.ਆਰ.ਐੱਫ ਅਤੇ ਪੁਲਸ ਵੱਲੋਂ ਦਰਿਆ ‘ਚ ਚਲਾਏ ਗਏ ਰੈਸਕਿਊ ਆਪਰੇਸ਼ਨ ਦੌਰਾਨ ਪਿਓ ਦੀ ਲਾਸ਼ ਬਰਾਮਦ ਕਰ ਲਈ ਗਈ ਹੈ, ਜਿਸ ਦੀ ਪਛਾਣ ਵਿਨੇ ਮਹਾਜਨ ਵਾਸੀ ਬਸੰਤ ਕਾਲੋਨੀ ਦੇ ਵਜੋਂ ਹੋਈ ਹੈ ਅਤੇ ਪੁੱਤਰ ਦੀ ਭਾਲ ਅਜੇ ਵੀ ਜਾਰੀ ਹੈ।ਮੌਕੇ ‘ਤੇ ਮੌਜੂਦ ਮੁਹੱਲੇ ਦੇ ਲੋਕਾਂ ਵੱਲੋਂ ਦਿੱਤੀ ਜਾਣਕਾਰੀ ਵਿੱਚ ਦੱਸਿਆ ਗਿਆ ਕਿ ਦੁਪਹਿਰ ਵੇਲੇ ਪਿਓ ਅਤੇ ਪੁੱਤ ਪੂਜਾ ਸਮੱਗਰੀ ਪਰਵਾਉਣ ਦੇ ਲਈ ਚੱਕੀ ਦਰਿਆ ਦੇ ਨੇੜੇ ਆਏ ਸੀ ਪਰ ਕਈ ਘੰਟੇ ਬੀਤ ਜਾਣ ਤੋਂ ਬਾਅਦ ਵੀ ਜਦੋਂ ਉਹ ਘਰ ਨਾ ਪਰਤੇ ਤਾਂ ਪਰਿਵਾਰ ਵੱਲੋਂ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਗਈ। ਨੇੜੇ ਰਹਿੰਦੇ ਲੋਕਾਂ ਨਾਲ ਚੱਕੀ ਦਰਿਆ ਦੇ ਕਿਨਾਰੇ ਉਨ੍ਹਾਂ ਦੀ ਸਕੂਟੀ ਵੇਖੀ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ।
ਪੁਲਸ ਵੱਲੋਂ ਐੱਨ. ਡੀ. ਆਰ. ਐੱਫ਼ ਦੀ ਟੀਮ ਨਾਲ ਚੱਕੀ ਦਰਿਆ ‘ਚ ਸਰਚ ਚਲਾਇਆ ਗਿਆ, ਜਿਸ ‘ਚ ਉਨ੍ਹਾਂ ਨੂੰ ਵਿਨੇ ਮਹਾਜਨ ਦੀ ਲਾਸ਼ ਬਰਾਮਦ ਹੋਈ ਹੈ। ਲੋਕਾਂ ਦਾ ਕਹਿਣਾ ਹੈ ਕਿ ਪੂਜਾ ਸਮੱਗਰੀ ਪਰਵਾਉਣ ਵੇਲੇ ਉਨ੍ਹਾਂ ਦਾ ਪੈਰ ਫਿਸਲਨ ਕਰਕੇ ਇਹ ਹਾਦਸਾ ਵਾਪਰਿਆ ਹੋਇਆ ਲੱਗਦਾ ਹੈ ਅਜੇ ਵੀ ਐੱਨ. ਡੀ. ਆਰ. ਐੱਫ਼ ਦੀ ਟੀਮ ਵੱਲੋਂ ਵਿਨੇ ਮਹਾਜਨ ਦੇ ਪੁੱਤਰ ਦੀ ਭਾਲ ਕੀਤੀ ਜਾ ਰਹੀ ਹੈ ਪਰ ਪਾਣੀ ਦਾ ਬਹਾਵ ਤੇਜ਼ ਹੋਣ ਦੇ ਚੱਲਦੇ ਇਸ ‘ਚ ਸਮਾਂ ਲੱਗ ਰਿਹਾ ਹੈ।