ਬਟਾਲਾ : ਬਟਾਲਾ-ਕਾਦੀਆਂ ਰੋਡ ‘ਤੇ ਅੱਜ ਦੁਪਹਿਰ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿਚ ਕਈ ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਨਿੱਜੀ ਕੰਪਨੀ (ਰਾਜਧਾਨੀ ਨਾਂ) ਦੀ ਬੱਸ ਬਟਾਲਾ ਤੋਂ ਮੋਹਾਲੀ ਜਾ ਰਹੀ ਸੀ, ਇਸ ਦੌਰਾਨ ਇਹ ਬੱਸ ਜਿਵੇਂ ਹੀ ਪਿੰਡ ਸ਼ਾਹਬਾਦ ਤੋਂ ਲੰਘਣ ਲੱਗੀ ਤਾਂ ਬਾਈਕ ਸਵਾਰ ਨੂੰ ਬਚਾਉਂਦੇ ਹੋਏ ਉਥੇ ਬਣੇ ਇਕ ਬੱਸ ਅੱਡੇ ਦੀ ਇਮਾਰਤ ਵਿਚ ਜਾ ਵੱਜੀ। ਇਹ ਬੱਸ ਹਾਦਸਾ ਇਕ ਮੋਟਰਸਾਈਕਲ ਸਵਾਰ ਨੂੰ ਬਚਾਉਣ ਦੌਰਾਨ ਵਾਪਰਿਆ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਇਮਾਰਤ ਦਾ ਲੈਂਟਰ ਹੀ ਬੱਸ ਵਿਚ ਜਾ ਵੜਿਆ, ਜਿਸ ਕਾਰਨ ਇਸ ਦਰਦਨਾਕ ਹਾਸਦੇ ’ਚ ਇਕ 13 ਸਾਲਾ ਬੱਚੇ ਅਭੀਜੋਤ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਸੰਗਤਪੁਰਾ, ਇਕ ਵਿਅਕਤੀ ਮਨਜੀਤ ਸਿੰਘ ਵਾਸੀ ਹੁਸੈਨਪੁਰਾ ਅਤੇ ਇਕ ਔਰਤ ਬਲਵਿੰਦਰ ਕੌਰ ਪਤਨੀ ਸਤਨਾਮ ਸਿੰਘ ਵਾਸੀ ਨੰਗਲ ਝੋਰ ਦੀ ਮੌਤ ਹੋ ਗਈ, ਜਦਕਿ 2 ਦਰਜਨ ਤੋਂ ਵੱਧ ਲੋਕ ਗੰਭੀਰ ਜ਼ਖਮੀ ਹੋ ਗਏ।
ਇਸ ਦੌਰਾਨ ਸਥਾਨਕ ਲੋਕਾਂ ਵੱਲੋਂ ਜ਼ਖਮੀ ਲੋਕਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ’ਚ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਅੱਧਾ ਦਰਜਨ ਲੋਕਾਂ ਦੀ ਹਾਲਤ ਜ਼ਿਆਦਾ ਗੰਭੀਰ ਦੇਖਦੇ ਹੋਏ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ। ਇਹ ਖੌਫ਼ਨਾਕ ਮੰਜ਼ਰ ਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਅਤੇ ਪੂਰੇ ਸ਼ਹਿਰ ‘ਚ ਸੋਗ ਪਰਸ ਗਿਆ ਹੈ।