ਜੈਪੁਰ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮਹਿਲਾ ਰਿਸ਼ਤੇਦਾਰ ਨੇ ਇੱਕ ਲੜਕੀ ਨੂੰ ਦੋ ਲੱਖ ਰੁਪਏ ’ਚ ਵੇਚ ਦਿੱਤਾ। ਪੁਲਿਸ ਨੇ ਇਸ ਮਾਮਲੇ ’ਚ ਹਰਿਆਣਾ ਤੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦਰਅਸਲ ਮਾਮਲਾ ਅੱਜ ਤੋਂ ਤਿੰਨ ਸਾਲ ਪਹਿਲਾਂ ਦਾ ਹੈ, ਜਦੋਂ ਲੜਕੀ ਨੂੰ ਵੇਚਿਆ ਗਿਆ ਸੀ ਪਰ ਹੁਣ ਲੜਕੀ ਉੱਥੋਂ ਭੱਜਣ ’ਚ ਕਾਮਯਾਬ ਹੋ ਗਈ, ਜਿਸ ਤੋ ਬਾਅਦ ਪੁਲਿਸ ਨੇ ਲੜਕੀ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਮਾਮਲਾ ਦਰਜ਼ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ ਮੁਰਲੀਪੁਰਾ ਦੇ ਥਾਣਾ ਮੁਖੀ ਸੁਨੀਲ ਕੁਮਾਰ ਨੇ ਦੱਸਿਆ ਕਿ ਮਾਤਾ-ਪਿਤਾ ਦੇ ਝਗੜੇ ਕਾਰਨ ਇੱਕ 11 ਸਾਲਾਂ ਲੜਕੀ ਆਪਣੀ ਮਹਿਲਾ ਰਿਸ਼ਤੇਦਾਰ ਕੋਲ ਰਹਿ ਰਹੀ ਸੀ। ਇਸ ਦੌਰਾਨ ਮਹਿਲਾ ਰਿਸ਼ਤੇਦਾਰ ਨੇ ਲੜਕੀ ਦੀ ਸਾਂਭ ਸੰਭਾਲ ਕਰਨ ਦੀ ਬਜਾਏ ਉਸਨੂੰ ਹਰਿਆਣਾ ਦੇ ਇੱਕ ਪਰਿਵਾਰ ਨੂੰ ਦੋ ਲੱਖ ਰੁਪਏ ’ਚ ਵੇਚ ਦਿੱਤਾ। ਉਕਤ ਲੜਕੀ ਨੇ ਬਾਅਦ ਵਿਚ ਦੋ ਬੱਚਿਆਂ ਨੂੰ ਜਨਮ ਦਿੱਤਾ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਇੱਕ ਦਿਨ ਲੜਕੀ ਉਥੋਂ ਭੱਜਣ ਵਿਚ ਕਾਮਯਾਬ ਹੋ ਗਈ ਅਤੇ ਉਸਨੇ ਮੁਰਲੀਪੁਰਾ ਥਾਣੇ ਵਿਚ ਆ ਕੇ ਸ਼ਿਕਾਇਤ ਦਰਜ਼ ਕਰਵਾਈ ਸੀ। ਜਿਸ ਦੀ ਸ਼ਿਕਾਇਤ ਦੇ ਆਧਾਰ ’ਤੇ ਹਰਿਆਣਾ ਤੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਫੜੇ ਗਏ ਸ਼ੱਕੀਆਂ ਦੀ ਪਹਿਚਾਣ ਸੰਦੀਪ ਯਾਦਵ ਅਤੇ ਸਤਵੀਰ ਯਾਦਵ ਵੱਜੋਂ ਹੋਈ ਹੈ। ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਲੜਕੀ ਦੀ ਮਹਿਲਾ ਰਿਸ਼ਤੇਦਾਰ ਦੀ ਭਾਲ ਕੀਤੀ ਜਾ ਰਹੀ ਹੈ ਜੋ ਕਿ ਫਰਾਰ ਹੈ। ਫਿਲਹਾਲ ਪੁਲਿਸ ਅਧਿਕਾਰੀਆਂ ਵੱਲੋਂ ਸ਼ੱਕੀਆਂ ਵਿਰੁੱਧ ਮਾਮਲਾ ਦਰਜ਼ ਕਰ ਲਿਆ ਗਿਆ ਹੈ ਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।