ਦਸੂਹਾ : ਦੂਸਹਾ ਨੇੜੇ ਵਾਪਰੇ ਭਿਆਨਕ ਹਾਦਸੇ ਦੌਰਾਨ ਇਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਮ੍ਰਿਤਕ ਦਾ ਦੋਸਤ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਮ੍ਰਿਤਕਾਂ ਦੀ ਪਛਾਣ ਅਜੇ ਵਾਸੀ ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ ਜਦਕਿ ਜ਼ਖਮੀ ਦੀ ਪਛਾਣ ਸਾਹਿਲ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਪਿੱਪਲੂ ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਨੌਜਵਾਨ ਆਪਣੀ ਵਰਨਾ ਕਾਰ ਐਚ. ਪੀ 20 ਈ. 5121 ‘ਤੇ ਸਵਾਰ ਹੋ ਕੇ ਹਿਮਾਚਲ ਤੋਂ ਡੇਰਾ ਬਿਆਸ ਵਿਖੇ ਮੱਥਾ ਟੇਕਣ ਲਈ ਜਾ ਰਹੇ ਸਨ। ਇਸ ਦੌਰਾਨ ਜਦੋਂ ਪਿੰਡ ਬੱਡਲਾ ਥਾਣਾ ਦਸੂਹਾ ਦੇ ਮੋੜ ਕੋਲ ਪਹੁੰਚੇ ਤਾਂ ਅਚਾਨਕ ਅੱਗੇ ਮੋਟਰਸਾਈਕਲ ਸਵਾਰ ਆਉਣ ਕਾਰਣ ਉਸ ਨੂੰ ਬਚਾਉਂਦੇ ਹੋਏ ਕਾਰ ਬੇਕਾਬੂ ਹੋ ਕੇ ਸਫੈਦੇ ਨਾਲ ਟਕਰਾਅ ਗਈ, ਜਿਸ ਨਾਲ ਅਜੇ ਦੀ ਮੌਤ ਹੋ ਗਈ ਜਦਕਿ ਸਾਹਿਲ ਜ਼ਖਮੀ ਹੋ ਗਿਆ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦਸੂਹਾ ਵਿਖੇ ਰਖਵਾਇਆ। ਪੁਲਸ ਨੇ ਮਾਮਲੇ ਦੀ ਅਗਲੇਰੀ ਕਾਰਵਾਈ ਕਰਨ ਦੀ ਗੱਲ ਆਖੀ ਹੈ।