ਕੀਵ —ਯੂਕ੍ਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕਿਵ ਵਿੱਚ ਇੱਕ 5 ਮੰਜ਼ਿਲਾ ਇਮਾਰਤ ਉੱਤੇ ਰੂਸੀ ਗਲਾਈਡ ਬੰਬ ਨਾਲ ਹਮਲਾ ਕੀਤਾ ਗਿਆ, ਜਿਸ ਵਿੱਚ ਇੱਕ 3 ਸਾਲ ਦੀ ਬੱਚੀ ਸਮੇਤ ਘੱਟੋ-ਘੱਟ 12 ਲੋਕ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਖਾਰਕਿਵ ਦੇ ਖੇਤਰੀ ਗਵਰਨਰ ਓਲੇਹ ਸਿਨਿਹੁਬੋਵ ਨੇ ਕਿਹਾ ਕਿ ਬੰਬ ਬੁੱਧਵਾਰ ਰਾਤ ਨੂੰ ਇਮਾਰਤ ਦੀ ਚੌਥੀ ਮੰਜ਼ਿਲ ‘ਤੇ ਡਿੱਗਿਆ, ਜਿਸ ਕਾਰਨ ਅੱਗ ਲੱਗ ਗਈ।
ਅੱਗ ਬੁਝਾਊ ਅਮਲੇ ਨੇ ਧੂੰਏਂ ਅਤੇ ਮਲਬੇ ਵਿਚ ਜਿੰਦਾ ਬਚੇ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਰੂਸੀ ਸਰਹੱਦ ਤੋਂ ਕਰੀਬ 30 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਖਾਰਕਿਵ ਸ਼ਹਿਰ, ਰੂਸ ਦੇ ਖਿਲਾਫ ਜੰਗ ਦੌਰਾਨ ਲਗਾਤਾਰ ਹਵਾਈ ਹਮਲਿਆਂ ਦਾ ਨਿਸ਼ਾਨਾ ਬਣਿਆ ਰਿਹਾ ਹੈ। ਇਹ ਜੰਗ ਹੁਣ ਤੀਜੇ ਸਾਲ ਵਿੱਚ ਦਾਖ਼ਲ ਹੋ ਗਈ ਹੈ। ਗਲਾਈਡ ਬੰਬ ਯੁੱਧ ਵਿਚ ਇਕ ਆਮ ਹਥਿਆਰ ਬਣ ਗਏ ਹਨ।
ਯੂਕ੍ਰੇਨ ਕੋਲ ਗਲਾਈਡ ਬੰਬਾਂ ਲਈ ਕੋਈ ਪ੍ਰਭਾਵੀ ਜਵਾਬੀ ਉਪਾਅ ਨਹੀਂ ਹਨ, ਜੋ ਰੂਸ ਦੇ ਅੰਦਰੋਂ ਰੂਸੀ ਜਹਾਜ਼ਾਂ ਵੱਲੋਂ ਦਾਗੇ ਜਾਂਦੇ ਹਨ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਖਾਰਕਿਵ ਵਿੱਚ ਹੋਏ ਤਾਜ਼ਾ ਹਮਲੇ ਨੇ ਯੂਕ੍ਰੇਨ ਦੇ ਪੱਛਮੀ ਸਹਿਯੋਗੀਆਂ ਤੋਂ ਸਮਰਥਨ ਵਧਾਉਣ ਦੀ ਤੁਰੰਤ ਲੋੜ ਨੂੰ ਉਜਾਗਰ ਕੀਤਾ ਹੈ। ਜ਼ੇਲੇਂਸਕੀ ਨੇ ਹਾਲ ਹੀ ਵਿੱਚ ਪੱਛਮੀ ਫੌਜੀ ਸਹਾਇਤਾ ਨੂੰ ਹੋਰ ਜ਼ਿਆਦਾ ਯਕੀਨੀ ਕਰਨ ਦੀ ਕੋਸ਼ਿਸ਼ ਵਿੱਚ ਅਮਰੀਕੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਯੂਕ੍ਰੇਨ ਨੂੰ ਫਰੰਟ ਲਾਈਨਾਂ ‘ਤੇ ਫ਼ੌਜੀਆਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲਗਾਤਾਰ ਰੂਸੀ ਹਮਲਿਆਂ ਨੂੰ ਰੋਕਣ ਲਈ ਸੰਘਰਸ਼ ਕਰ ਰਿਹਾ ਹੈ।